ਫ਼ਤਿਹਗੜ੍ਹ ਪੰਜਤੂਰ, 4 ਮਈ (ਜਸਵਿੰਦਰ ਸਿੰਘ ਪੋਪਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ (ਮੋਗਾ) ਵਿਖੇ ਪਿ੍ੰਸੀਪਲ ਅਮਰਦੀਪ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਵਿਸ਼ਵ ਲਾਫਟਰ ਦਿਵਸ ਮਨਾਇਆ ਗਿਆ | ਇਸ ਸਮੇਂ ਸਵੇਰ ਦੀ ਸਪੈਸ਼ਲ ਪ੍ਰਾਰਥਨਾ ਸਭਾ ਕਰਵਾਈ ਗਈ ਜਿਸ ਵਿਚ ਵਿਦਿਆਰਥੀਆਂ ਵਲੋਂ ਇਸ ਦਿਨ ਨਾਲ ਸੰਬੰਧਿਤ ਚਾਰਟ ਅਤੇ ਭਾਸ਼ਣ ਪੇਸ਼ ਕੀਤੇ ਗਏ | ਜਿਸ ਵਿਚ ਉਨ੍ਹਾਂ ਦੱਸਿਆ ਕਿ ਹਾਸਾ ਇਕ ਵਿਸ਼ਵ ਵਿਆਪੀ ਭਾਸ਼ਾ ਹੈ, ਜੋ ਲੋਕਾਂ ਨੂੰ ਇਕੱਠਾ ਕਰਦੀ ਹੈ ਅਤੇ ਇਸ ਦੇ ਕਈ ਸਿਹਤ ਲਾਭ ਹਨ | ਹਾਸੇ ਦੀ ਸ਼ਕਤੀ ਨੂੰ ਮਾਨਤਾ ਦੇਣ ਲਈ, ਵਿਸ਼ਵ ਹਰ ਸਾਲ ਮਈ ਦੇ ਪਹਿਲੇ ਐਤਵਾਰ ਨੂੰ ਅੰਤਰਰਾਸ਼ਟਰੀ ਹਾਸਾ ਦਿਵਸ ਦੇ ਰੂਪ ਵਿਚ ਮਨਾਉਂਦਾ ਹੈ | ਲਾਫਟਰ ਡੇਅ ਪਹਿਲੀ ਵਾਰ 1998 ਵਿਚ ਮੁੰਬਈ, ਭਾਰਤ ਵਿਚ ਲਾਫਟਰ ਯੋਗਾ ਦੇ ਸੰਸਥਾਪਕ ਡਾ. ਮਦਨ ਕਟਾਰੀਆ ਦੁਆਰਾ ਮਨਾਇਆ ਗਿਆ ਸੀ | ਲਾਫਟਰ ਯੋਗਾ ਕਸਰਤ ਦਾ ਇਕ ਵਿਲੱਖਣ ਰੂਪ ਹੈ | ਲਾਫਟਰ ਯੋਗਾ ਨਾਲ ਸਰੀਰ ਦੀਆਂ ਨਸਾਂ ਖੁੱਲ੍ਹ ਜਾਂਦੀਆਂ ਹਨ | ਅਤੇ ਇਸ ਨੇ ਲੱਖਾਂ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਵਿਚ ਸੁਧਾਰ ਕਰਨ ਵਿਚ ਮਦਦ ਕੀਤੀ ਹੈ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਰਣਜੀਤ ਕੌਰ ਸੰਧੂ ਅਤੇ ਪਿ੍ੰਸੀਪਲ ਅਮਰਦੀਪ ਸਿੰਘ ਨੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲਾਫਟਰ ਯੋਗਾ ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰ ਸਕਦਾ ਹੈ | ਇਸ ਮੌਕੇ ਸਮੂਹ ਸਕੂਲ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ |