ਮੋਗਾ, 9 ਮਈ (ਸੁਰਿੰਦਰਪਾਲ ਸਿੰਘ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਰਬਪੱਖੀ ਵਿਕਾਸ ਦੇ ਦਿ੍ਸ਼ਟੀਕੋਣ ਤੋਂ ਪ੍ਰੇਰਿਤ ਕੱਚਾ ਦੁਸਾਂਝ ਰੋਡ 'ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਅੱਜ ਸਥਾਨਕ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ | ਇਹ ਪ੍ਰੋਜੈਕਟ ਨਗਰ ਨਿਗਮ ਮੋਗਾ ਦੀ ਨਗਰ ਵਿਕਾਸ ਫ਼ੰਡ ਸਕੀਮ ਤਹਿਤ ਪ੍ਰਾਪਤ ਗਰਾਂਟ ਦੀ ਵਰਤੋਂ ਕਰ ਕੇ ਚਲਾਇਆ ਜਾ ਰਿਹਾ ਹੈ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਤੇ ਕੌਂਸਲਰ ਸਰਬਜੀਤ ਕੌਰ ਰੋਡੇ ਸਮੇਤ ਵੱਡੀ ਗਿਣਤੀ ਵਿਚ ਵਾਰਡ ਨਿਵਾਸੀ ਮੌਜੂਦ ਸਨ | ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਗਾ ਜ਼ਿਲ੍ਹੇ ਵਿਚ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਹਨ | ਸਿੱਟੇ ਵਜੋਂ ਮੋਗਾ ਨਗਰ ਨਿਗਮ ਦੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਵਾਰਡਾਂ ਅਤੇ ਪਿੰਡਾਂ ਵਿਚ ਵਿਕਾਸ ਪ੍ਰੋਜੈਕਟ ਇਸ ਸਮੇਂ ਜੰਗੀ ਪੱਧਰ 'ਤੇ ਚੱਲ ਰਹੇ ਹਨ | ਇਸ ਮੌਕੇ ਕੌਂਸਲਰ ਸਰਬਜੀਤ ਕੌਰ ਰੋਡੇ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਤੇ ਵਾਰਡ ਨਿਵਾਸੀਆਂ ਨੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਸਿਰੋਪਾਉ ਭੇਟ ਕਰ ਕੇ ਸਨਮਾਨਿਤ ਕੀਤਾ ਅਤੇ ਇਨ੍ਹਾਂ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ |