ਮੋਗਾ, 9 ਮਈ (ਸੁਰਿੰਦਰਪਾਲ ਸਿੰਘ)-ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਅਤੇ ਪ੍ਰਸਿੱਧ ਸਮਾਜ ਸੇਵੀ ਮਾਲਵਿਕਾ ਸੂਦ ਵਲੋਂ ਪੰਜਾਬ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਦਿੱਲੀ ਵਿਖੇ ਇਕ ਅਹਿਮ ਮੁਲਾਕਾਤ ਕੀਤੀ ਗਈ | ਇਸ ਦੌਰਾਨ ਦੋਵਾਂ ਆਗੂਆਂ ਵਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਸਥਾਰ ਨਾਲ ਸਿਆਸੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਹ ਮੁਲਾਕਾਤ ਕਾਂਗਰਸ ਪਾਰਟੀ ਦੀ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਤਿਆਰ ਕਰਨ ਦੇ ਨਜ਼ਰੀਏ ਨਾਲ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ | ਮੁਲਾਕਾਤ ਦੌਰਾਨ ਮਾਲਵਿਕਾ ਸੂਦ ਨੇ ਵਿਧਾਨ ਸਭਾ ਹਲਕਾ ਮੋਗਾ ਦੀ ਮੌਜੂਦਾ ਸਿਆਸੀ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਸਿਰਫ਼ ਮੋਗਾ ਹੀ ਨਹੀਂ ਸਗੋਂ ਜ਼ਿਲ੍ਹੇ ਦੀਆਂ ਬਾਕੀ ਤਿੰਨ ਵਿਧਾਨ ਸਭਾ ਹਲਕਿਆਂ ਦੀ ਸਥਿਤੀ, ਲੋਕਾਂ ਦੇ ਮੁੱਦੇ ਅਤੇ ਪਾਰਟੀ ਦੇ ਹਾਲਾਤ ਬਾਰੇ ਵੀ ਭੁਪੇਸ਼ ਬਘੇਲ ਨੂੰ ਜਾਣੂੰ ਕਰਵਾਇਆ | ਮਾਲਵਿਕਾ ਸੂਦ ਨੇ ਦੱਸਿਆ ਕਿ ਕਿਵੇਂ ਕਾਂਗਰਸ ਪਾਰਟੀ ਦੇ ਵਰਕਰ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾ ਰਹੇ ਹਨ | ਇਸ ਮੌਕੇ ਭੁਪੇਸ਼ ਬਘੇਲ ਨੇ ਮਾਲਵਿਕਾ ਸੂਦ ਦੀ ਕਾਰਗੁਜ਼ਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਮਾਲਵਿਕਾ ਸੂਦ ਵਲੋਂ ਮੋਗਾ ਹਲਕੇ ਵਿਚ ਪਾਰਟੀ ਲਈ ਕੀਤੀ ਜਾ ਰਹੀ ਮਿਹਨਤ ਕਾਬਿਲ-ਏ-ਤਾਰੀਫ਼ ਹੈ | ਉਨ੍ਹਾਂ ਨੇ ਖ਼ਾਸ ਤੌਰ 'ਤੇ ਸਮਾਜ ਸੇਵਾ ਵਿਚ ਮਾਲਵਿਕਾ ਸੂਦ ਦੇ ਯੋਗਦਾਨ ਨੂੰ ਵੀ ਸਰਾਹਿਆ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਸੇਵਾ ਭਾਵਨਾ ਹੀ ਪਾਰਟੀ ਨੂੰ ਲੋਕਾਂ ਦੇ ਦਿਲਾਂ ਵਿਚ ਮਜ਼ਬੂਤ ਬਣਾਉਂਦੀ ਹੈ | ਭੁਪੇਸ਼ ਬਘੇਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਮਾਲਵਿਕਾ ਸੂਦ ਨੂੰ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਆਖਿਆ ਕਿ ਹੁਣ ਤੋਂ ਹੀ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ ਅਤੇ ਮੋਗਾ ਹਲਕੇ ਵਿਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਹਰ ਵਰਕਰ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ ਤਾਂ ਜੋ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ | ਇਸ ਮੌਕੇ ਮਾਲਵਿਕਾ ਸੂਦ ਨੇ ਭੁਪੇਸ਼ ਬਘੇਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਮੋਗਾ ਹਲਕੇ ਵਿਚ ਕੰਮ ਕਰ ਰਹੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਜਿੱਤ ਦਿਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ | ਉਨ੍ਹਾਂ ਨੇ ਦਿ੍ੜ੍ਹ ਨਿਸ਼ਚੇ ਨਾਲ ਕਿਹਾ ਕਿ 2027 ਦੀਆਂ ਚੋਣਾਂ ਵਿਚ ਮੋਗਾ ਵਿਧਾਨ ਸਭਾ ਸੀਟ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾਈ ਜਾਵੇਗੀ | ਸਿਆਸੀ ਮਾਹਿਰਾਂ ਅਨੁਸਾਰ ਇਹ ਮੁਲਾਕਾਤ ਕਾਂਗਰਸ ਪਾਰਟੀ ਲਈ ਮੋਗਾ ਜ਼ਿਲ੍ਹੇ ਵਿਚ ਨਵੀਂ ਰਣਨੀਤੀ ਅਤੇ ਉਤਸ਼ਾਹ ਲੈ ਕੇ ਆ ਸਕਦੀ ਹੈ | ਇਸ ਨਾਲ ਨਾ ਸਿਰਫ਼ ਵਰਕਰਾਂ ਵਿਚ ਜੋਸ਼ ਵਧੇਗਾ ਸਗੋਂ ਪਾਰਟੀ ਦੀ ਜ਼ਮੀਨੀ ਪਕੜ ਵੀ ਮਜ਼ਬੂਤ ਹੋਣ ਦੀ ਸੰਭਾਵਨਾ ਹੈ |