ਨਿਹਾਲ ਸਿੰਘ ਵਾਲਾ, 14 ਮਈ (ਸੁਖਦੇਵ ਸਿੰਘ ਖ਼ਾਲਸਾ)ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ 'ਚ ਸਰਕਾਰੀ ਕੰਨਿਆ ਹਾਈ ਸਕੂਲ ਪੱਤੋ ਹੀਰਾ ਸਿੰਘ ਦੀ ਵਿਦਿਆਰਥਣ ਨਵਜੋਤ ਕੌਰ ਪੁੱਤਰੀ ਜਤਿੰਦਰ ਸਿੰਘ ਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ 95.53 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਪੱਧਰ 'ਤੇ ਸਰਕਾਰੀ ਸਕੂਲਾਂ 'ਚੋਂ ਟੌਪ ਕਰਦਿਆਂ ਆਪਣੇ ਮਾਪਿਆਂ, ਅਧਿਆਪਕਾਂ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਉਸ ਨੇ ਗਣਿਤ ਅਤੇ ਕੰਪਿਊਟਰ ਸਾਇੰਸ ਵਿਸ਼ੇ 'ਚ 100 ਫ਼ੀਸਦੀ ਅੰਕ ਪ੍ਰਾਪਤ ਕਰਕੇ ਆਪਣੀ ਮਿਹਨਤ ਦਾ ਸਬੂਤ ਦਿੱਤਾ | ਇਸ ਸਫਲਤਾ ਦਾ ਸਿਹਰਾ ਨਵਜੋਤ ਨੇ ਆਪਣੇ ਮਾਤਾ-ਪਿਤਾ ਦੀ ਪ੍ਰੇਰਨਾ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਦਿੰਦਿਆਂ ਕਿਹਾ ਕਿ ਉਸ ਦਾ ਅਗਲਾ ਸੁਪਨਾ ਜੱਜ ਬਣ ਕੇ ਦੇਸ਼ ਦੀ ਸੇਵਾ ਕਰਨਾ ਹੈ | ਸਕੂਲ ਦੇ ਹੈੱਡਮਾਸਟਰ ਪ੍ਰਮੋਦ ਗੁਪਤਾ ਨੇ ਨਵਜੋਤ ਕੌਰ ਦੀ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਨਵਜੋਤ ਸ਼ੁਰੂ ਤੋਂ ਹੀ ਮਿਹਨਤੀ ਅਤੇ ਅਨੁਸ਼ਾਸਨ ਵਾਲੀ ਵਿਦਿਆਰਥਣ ਰਹੀ ਹੈ ਉਸ ਨੇ ਆਪਣੇ ਪਿਛਲੇ ਪੰਜ ਸਾਲਾਂ ਦੌਰਾਨ ਅਨੇਕਾਂ ਪ੍ਰਾਪਤੀਆਂ ਕੀਤੀਆਂ | ਨਵਜੋਤ ਕੌਰ ਦੀ ਇਸ ਉੱਤਮ ਪ੍ਰਾਪਤੀ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅਸ਼ੀਸ਼ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਅਤੇ ਬਲਾਕ ਨੋਡਲ ਅਫ਼ਸਰ ਗੁਰਸੇਵਕ ਸਿੰਘ ਬਰਾੜ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਸਕੂਲ ਦੇ ਮੁੱਖ ਅਧਿਆਪਕ ਪ੍ਰਮੋਦ ਗੁਪਤਾ ਅਤੇ ਸਮੂਹ ਸਟਾਫ਼ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ |