ਸਮਾਧ ਭਾਈ, 21 ਮਈ (ਜਗਰੂਪ ਸਿੰਘ ਸਰੋਆ)-ਸੀ.ਆਈ.ਐਸ.ਸੀ.ਈ. ਮੋਗਾ ਜ਼ੋਨਲ ਖੇਡਾਂ 2026 ਤਹਿਤ ਜ਼ੋਨਲ ਕਿ੍ਕਟ ਟੂਰਨਾਮੈਂਟ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਬੜੀ ਸ਼ਾਨੋ-ਸ਼ੌਕਤ ਅਤੇ ਖੇਡ ਭਾਵਨਾ ਨਾਲ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਟੂਰਨਾਮੈਂਟ ਦੌਰਾਨ ਰੋਮਾਂਚਕ ਮੁਕਾਬਲੇ, ਬਿਹਤਰੀਨ ਟੀਮ ਵਰਕ ਅਤੇ ਖਿਡਾਰੀਆਂ ਦਾ ਜੋਸ਼ ਦੇਖਣਯੋਗ ਰਿਹਾ | ਅੰਡਰ-14 ਲੜਕਿਆਂ ਦੇ ਵਰਗ ਵਿਚ ਕੁੱਲ 9 ਟੀਮਾਂ ਨੇ ਭਾਗ ਲਿਆ, ਜਿਸ ਵਿਚ ਕਿਪਸ ਕਿ੍ਕਟ ਅਕੈਡਮੀ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ | ਸੈਕਰਡ ਹਾਰਟ ਸਕੂਲ ਦੂਜੇ ਅਤੇ ਬਲੂਮਿੰਗ ਬਡਜ਼ ਸਕੂਲ ਤੀਜੇ ਸਥਾਨ 'ਤੇ ਰਹੇ | ਫਾਈਨਲ ਮੁਕਾਬਲੇ ਵਿਚ ਕਿਪਸ ਕਿ੍ਕਟ ਅਕੈਡਮੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 10 ਓਵਰਾਂ ਵਿਚ 110 ਦੌੜਾਂ ਬਣਾਈਆਂ, ਜਦਕਿ ਟੀਚੇ ਦਾ ਪਿੱਛਾ ਕਰਦਿਆਂ ਸੈਕਰਡ ਹਾਰਟ ਸਕੂਲ ਦੀ ਟੀਮ ਸਿਰਫ਼ 34 ਦੌੜਾਂ ਹੀ ਬਣਾ ਸਕੀ | ਕਿਪਸ ਦੀ ਟੀਮ ਨੇ ਹਰਫ਼ਨ-ਮੌਲਾ ਪ੍ਰਦਰਸ਼ਨ ਕਰਦਿਆਂ ਇੱਕਤਰਫ਼ਾ ਜਿੱਤ ਦਰਜ ਕੀਤੀ | ਅੰਡਰ-17 ਵਰਗ ਵਿਚ 7 ਟੀਮਾਂ ਨੇ ਭਾਗ ਲਿਆ | ਇਸ ਵਰਗ ਵਿਚ ਵੀ ਕਿਪਸ ਕਿ੍ਕਟ ਅਕੈਡਮੀ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ | ਸੇਂਟ ਪਾਲ ਸਕੂਲ ਨੂੰ ਦੂਜਾ ਅਤੇ ਸੈਕਰਡ ਹਾਰਟ ਸਕੂਲ ਨੂੰ ਤੀਜਾ ਸਥਾਨ ਮਿਲਿਆ | ਫਾਈਨਲ ਮੁਕਾਬਲੇ ਵਿਚ ਕਿਪਸ ਨੇ 10 ਓਵਰਾਂ ਵਿਚ 110 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ ਵਿਚ ਸੇਂਟ ਪਾਲ ਸਕੂਲ ਦੀ ਟੀਮ ਸਿਰਫ਼ 45 ਦੌੜਾਂ ਹੀ ਬਣਾ ਸਕੀ | ਅੰਡਰ-19 ਵਰਗ ਵਿਚ 5 ਟੀਮਾਂ ਨੇ ਹਿੱਸਾ ਲਿਆ | ਕਿਪਸ ਕਿ੍ਕਟ ਅਕੈਡਮੀ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਚੈਂਪੀਅਨਸ਼ਿਪ ਜਿੱਤੀ | ਐਂਬਰੋਜ਼ੀਆਲ ਸਕੂਲ ਦੂਜੇ ਅਤੇ ਪਿ੍ਸਟੀਨ ਵਾਈਬ ਸਕੂਲ ਤੀਜੇ ਸਥਾਨ 'ਤੇ ਰਹੇ | ਫਾਈਨਲ ਮੈਚ ਵਿਚ ਐਂਬਰੋਜ਼ੀਆਲ ਸਕੂਲ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਿਰਫ਼ 45 ਦੌੜਾਂ ਹੀ ਬਣਾ ਸਕੀ, ਜਦ ਕਿ ਕਿਪਸ ਕਿ੍ਕਟ ਅਕੈਡਮੀ ਨੇ ਬਿਨਾਂ ਕੋਈ ਵਿਕਟ ਗੁਆਏ ਕੇਵਲ ਤਿੰਨ ਓਵਰਾਂ ਵਿਚ ਹੀ ਟੀਚਾ ਹਾਸਲ ਕਰਕੇ ਆਪਣੀ ਸ਼ਾਨਦਾਰ ਜਿੱਤ ਦਰਜ ਕੀਤੀ | ਟੂਰਨਾਮੈਂਟ ਦੇ ਸਮਾਪਨ ਮੌਕੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਸਾਰੀਆਂ ਭਾਗੀਦਾਰ ਟੀਮਾਂ, ਕੋਚਾਂ ਅਤੇ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ | ਇਸ ਸਫਲਤਾ ਦਾ ਸਿਹਰਾ ਸਕੂਲ ਦੇ ਕਿ੍ਕਟ ਕੋਚ ਅਰਸ਼ਦੀਪ ਸਿੰਘ ਅਤੇ ਬੇਅੰਤ ਸਿੰਘ ਦੀ ਅਣਥੱਕ ਮਿਹਨਤ ਅਤੇ ਰਹਿਨੁਮਾਈ ਨੂੰ ਜਾਂਦਾ ਹੈ | ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਜੇਤੂ ਖਿਡਾਰੀਆਂ, ਕੋਚਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਪ੍ਰਤੀ ਜਜ਼ਬਾ, ਮਿਹਨਤ ਅਤੇ ਅਨੁਸ਼ਾਸਨ ਹੀ ਵਿਦਿਆਰਥੀਆਂ ਨੂੰ ਉਚਾਈਆਂ ਤੱਕ ਲੈ ਕੇ ਜਾਂਦੇ ਹਨ | ਉਨ੍ਹਾਂ ਨੇ ਖਿਡਾਰੀਆਂ ਦੇ ਉਜਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ | ਇਸ ਮੌਕੇ ਵਾਈਸ ਚੇਅਰਪਰਸਨ ਮੈਡਮ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੰਘ ਸਿੱਧੂ, ਪਿ੍ੰਸੀਪਲ ਸ਼ਸ਼ੀਕਾਂਤ, ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ, ਇਗਜ਼ਾਮੀਨੇਸ਼ਨ ਕੋਆਰਡੀਨੇਟਰ ਦਮਨਜੋਤ ਕੌਰ, ਜੂਨੀਅਰ ਕੋਆਰਡੀਨੇਟਰ ਰੁਪਿੰਦਰ ਕੌਰ, ਪ੍ਰਾਇਮਰੀ ਕੋਆਰਡੀਨੇਟਰ ਪੁਸ਼ਪ ਕਲਾ ਰੇਥੀਸ਼, ਕਿੰਡਰਗਾਰਟਨ ਕੋਆਰਡੀਨੇਟਰ ਮੋਨਿਕਾ ਚਲਾਣਾ, ਹਾਊਸ ਕੋਆਰਡੀਨੇਟਰ ਕਰਮਜੀਤ ਕੌਰ, ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਸੰਦੀਪ ਕੌਰ ਅਤੇ ਆਈ.ਟੀ. ਕੋਆਰਡੀਨੇਟਰ ਗੁਰਵਿੰਦਰ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |