ਕੋਟ ਈਸੇ ਖਾਂ, 22 ਮਈ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਨਗਰ ਪੰਚਾਇਤ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ 2 ਤੋਂ ਚੋਣ ਮੈਦਾਨ 'ਚ ਉਤਾਰੇ ਉਮੀਦਵਾਰ ਤਜਿੰਦਰ ਸਿੰਘ ਕਾਲਾ ਚੌਹਾਨ ਪੁੱਤਰ ਸਵ: ਰੇਸ਼ਮ ਸਿੰਘ ਅਤੇ ਵਾਰਡ ਨੰਬਰ 3 ਤੋਂ ਸਰਬਜੀਤ ਕੌਰ ਪਤਨੀ ਬਾਬਾ ਲਖਵਿੰਦਰ ਸਿੰਘ ਦੇ ਹੱਕ ਵਿਚ ਸਾਬਕਾ ਕੈਬਨਿਟ ਮੰਤਰੀ ਸਵ: ਜਥੇਦਾਰ ਤੋਤਾ ਸਿੰਘ ਦੀ ਨੂੰਹ ਅਤੇ ਹਲਕਾ ਧਰਮਕੋਟ ਦੇ ਅਕਾਲੀ ਦਲ ਦੇ ਮੁੱਖ ਸੇਵਾਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਧਰਮ-ਪਤਨੀ ਤਜਿੰਦਰ ਕੌਰ ਬਰਾੜ ਨੇ ਚੋਣ ਬੈਠਕਾਂ ਅਤੇ ਡੋਰ ਟੂ ਡੋਰ ਪ੍ਰਚਾਰ ਕਰਦਿਆਂ ਲੋਕਾਂ ਨੂੰ ਅਕਾਲੀ ਉਮੀਦਵਾਰਾਂ ਦੇ ਹੱਕ 'ਚ 26 ਮਈ ਨੂੰ ਤੱਕੜੀ ਚੋਣ ਨਿਸ਼ਾਨ 'ਤੇ ਮੋਹਰ ਲਗਾਉਣ ਦੀ ਅਪੀਲ ਕੀਤੀ | ਇਸ ਮੌਕੇ ਵਾਰਡ ਨੰਬਰ 2 'ਚ ਚੋਣ ਬੈਠਕ ਨੂੰ ਸੰਬੋਧਨ ਕਰਦਿਆਂ ਤਜਿੰਦਰ ਕੌਰ ਬਰਾੜ ਨੇ ਕਿਹਾ ਕਿ ਲੋਕ ਚੰਗੀ ਤਰ੍ਹਾਂ ਜਾਣਦੇ ਹਨ, ਜੋ ਹਲਕਾ ਧਰਮਕੋਟ ਦੇ ਪਹਿਲਾਂ ਹਾਲਾਤ ਰਹੇ ਤੇ ਇਕ ਪਛੜਿਆ ਹਲਕਾ ਕਹਾਉਂਦਾ ਸੀ ਤੇ ਜਦੋਂ ਜਥੇਦਾਰ ਤੋਤਾ ਸਿੰਘ ਨੇ ਕਮਾਨ ਸੰਭਾਲੀ ਸੀ ਤਾਂ ਉਨ੍ਹਾਂ ਨੇ ਆਪਣੀ ਚੰਗੀ ਸੋਚ ਸਦਕਾ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਇੱਥੇ ਵੱਡੀ ਪੱਧਰ 'ਤੇ ਚੰਗੇ ਪ੍ਰੋਜੈਕਟ ਲਿਆਂਦੇ ਤੇ ਵਿਕਾਸ ਕਾਰਜ ਕਰਵਾਏ, ਜਿਸ ਸਦਕਾ ਹਲਕਾ ਧਰਮਕੋਟ ਤੋਂ ਪਛੜਿਆ ਸ਼ਬਦ ਲਾਹ ਦਿੱਤਾ | ਇਸ ਤੋਂ ਇਲਾਵਾ ਸ਼ਹਿਰ ਕੋਟ ਈਸੇ ਖਾਂ ਦੀ ਨੁਹਾਰ ਬਦਲਣ ਵਿਚ ਜਥੇਦਾਰ ਤੋਤਾ ਸਿੰਘ ਦਾ ਵੱਡਾ ਰੋਲ ਰਿਹਾ ਤੇ ਅਜਿਹੀ ਸ਼ੁਰੂਆਤ ਕਰਵਾਈ ਕਿ ਲਗਾਤਾਰ ਚੰਗੇ ਕੰਮਾਂ ਦੀ ਚਾਲ ਚੱਲੀ ਪਰ ਹੁਣ ਦੀਆਂ ਸਰਕਾਰਾਂ ਵਲੋਂ ਵਿਕਾਸ ਕਾਰਜਾਂ ਦੇ ਨਾਂਅ 'ਤੇ ਸੋਹਲੇ ਤਾਂ ਗਾਏ ਜਾ ਰਹੇ ਹਨ ਪਰ ਸਹੀ ਯੋਜਨਾਬੰਦੀ ਨਾ ਹੋਣ ਕਰ ਕੇ ਜੋ ਹਾਲਾਤ ਹਨ, ਉਹ ਸ਼ਹਿਰ ਦੇ ਲੋਕਾਂ ਦੇ ਸਾਹਮਣੇ ਹਨ | ਉਨ੍ਹਾਂ ਕਿਹਾ ਕਿ ਲੋਕ ਵੱਧ ਤੋਂ ਵੱਧ ਅਕਾਲੀ ਉਮੀਦਵਾਰਾਂ ਦਾ ਸਾਥ ਦੇਣ, ਕਿਉਂਕਿ ਭਵਿੱਖ ਵਿਚ ਅਕਾਲੀ ਦਲ ਦੀ ਸਰਕਾਰ ਸੂਬੇ ਵਿਚ ਬਣਨੀ ਤਹਿ ਹੈ ਤੇ ਸ਼ਹਿਰ ਨੂੰ ਮੁੜ ਸਹੀ ਅਰਥਾਂ ਵਿਚ ਵਿਕਾਸ ਦੀਆਂ ਲੀਹਾਂ 'ਤੇ ਲਿਆਂਦਾ ਜਾਵੇਗਾ | ਇਸ ਮੌਕੇ ਸ਼ਹਿਰੀ ਪ੍ਰਧਾਨ ਹਰਮੇਲ ਸਿੰਘ ਰਾਜਪੂਤ, ਜਰਨੈਲ ਸਿੰਘ ਧਾਲੀਵਾਲ, ਬਾਬਾ ਲਖਵਿੰਦਰ ਸਿੰਘ, ਗੁਰਮੀਤ ਸਿੰਘ ਲੱਡੂ, ਤੇਜਿੰਦਰ ਕਾਲਾ ਚੌਹਾਨ ਤੇ ਹੋਰ ਅਕਾਲੀ ਆਗੂ, ਵਰਕਰ ਵੀ ਹਾਜ਼ਰ ਸਨ |