ਮੋਗਾ, 30 ਮਈ (ਸੁਰਿੰਦਰਪਾਲ ਸਿੰਘ)-ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਰਾਜਸੀ ਪਿੜ 'ਚ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਬੀਰਾਂ ਨੇ ਯੋਧਿਆਂ ਵਾਂਗ ਲੜਾਈ ਲੜੀ ਅਤੇ ਸਰਕਾਰੀ ਜਬਰ ਅਤੇ ਦਬਾਅ ਦੇ ਬਾਵਜੂਦ ਆਖ਼ਰੀ ਸਮੇਂ ਤੱਕ ਪੈਰ ਗੱਡ ਕੇ ਜੂਝਦੇ ਰਹੇ | ਸਿਆਸੀ ਪੱਖ ਤੋਂ ਸਾਡੇ 'ਚ ਕੋਈ ਕਮੀਆਂ ਹੋ ਸਕਦੀਆਂ ਹਨ ਪਰ ਪਾਰਟੀ ਦੇ ਜੁਝਾਰੂ ਵਰਕਰਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ | ਉਕਤ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੇ ਵਾਰਡ ਨੰਬਰ 19 ਤੋਂ ਲਗਾਤਾਰ ਚੌਥੀ ਵਾਰ ਕੌਂਸਲਰ ਦੀ ਚੋਣ ਜਿੱਤਣ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਮਨਜੀਤ ਸਿੰਘ ਧੰਮੂ ਅਤੇ ਸਾਥੀਆਂ ਨੂੰ ਵਧਾਈ ਦੇਣ ਸਮੇਂ ਉਨ੍ਹਾਂ ਦੇ ਗ੍ਰਹਿ ਵਿਖੇ ਜਾਰੀ ਕੀਤਾ | ਉਨ੍ਹਾਂ ਇਸ ਮੌਕੇ ਐਮ.ਸੀ. ਮਨਜੀਤ ਸਿੰਘ ਧੰਮੂ ਅਤੇ ਸਾਥੀਆਂ ਦਾ ਮੂੰਹ ਮਿੱਠਾ ਵੀ ਕਰਵਾਇਆ ਅਤੇ ਧੰਮੂ ਸਮੇਤ ਸਾਰੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ | ਉਨ੍ਹਾਂ ਸੁਖਬੀਰ ਸਿੰਘ ਬਾਦਲ ਦੀ ਧੜੱਲੇਦਾਰ ਅਗਵਾਈ 'ਚ ਪੰਜਾਬ ਭਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆਂ ਅਤੇ ਸਮੁੱਚੇ ਕਾਡਰ ਵਲੋਂ ਨਿਭਾਈ ਭੂਮਿਕਾ ਦੀ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ 'ਚੋਂ ਅਕਾਲੀ ਦਲ ਨੂੰ ਮਿਲੇ ਸਮਰਥਨ ਨੇ ਵਿਰੋਧੀ ਪਾਰਟੀਆਂ ਨੂੰ ਵੀ ਫ਼ਿਕਰਾਂ 'ਚ ਪਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਆਪ ਸਰਕਾਰ ਇਸ ਨੂੰ 2027 ਦਾ ਸੈਮੀਫਾਈਨਲ ਕਹਿ ਕੇ ਆਪਣਾ ਚਿੱਤ ਪਰਚਾ ਰਹੇ ਹਨ ਜਦੋਂ ਕਿ ਸੂਬੇ ਦੇ ਲੋਕ 2027 'ਚ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮਨ ਬਣਾਈ ਬੈਠੇ ਹਨ ਅਤੇ ਅਤੇ ਪੰਜਾਬ ਦੀ ਰਾਜਨੀਤੀ ਨਵੀਂ ਕਰਵੱਟ ਲੈਣ ਜਾ ਰਹੀ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਹਮਾਇਤੀ ਹਾਜ਼ਰ ਸਨ |