ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-26 ਮਈ ਨੂੰ ਹੋਈਆਂ ਨਗਰ ਨਿਗਮ ਮੋਗਾ ਚੋਣਾਂ ਜਿਨ੍ਹਾਂ ਦੇ ਨਤੀਜੇ 29 ਮਈ ਨੂੰ ਐਲਾਨੇ ਗਏ ਜਿਸ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਡਿੰਪਲ ਅਰੋੜਾ ਧਰਮ-ਪਤਨੀ ਸਾਬਕਾ ਕੌਂਸਲਰ ਸਾਹਿਲ ਅਰੋੜਾ ਨੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਉਨ੍ਹਾਂ ਦੀ ਜਿੱਤ ਲਈ ਹਲਕਾ ਇੰਚਾਰਜ ਮੋਗਾ ਮਾਲਵਿਕਾ ਸੂਦ, ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੇ ਦਿਨ ਰਾਤ ਇਕ ਕੀਤਾ ਤੇ ਵਾਰਡ ਵਿਚ ਵੱਖ-ਵੱਖ ਨੁੱਕੜ ਮੀਟਿੰਗਾਂ ਕਰ ਕੇ ਵਾਰਡ ਵਾਸੀਆਂ ਨੂੰ ਡਿੰਪਲ ਅਰੋੜਾ ਨੂੰ ਜਿਤਾਉਣ ਲਈ ਅਪੀਲ ਕੀਤੀ | 'ਅਜੀਤ' ਨਾਲ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਸਾਹਿਲ ਅਰੋੜਾ ਨੇ ਕਿਹਾ ਕਿ ਉਹ ਵਾਰਡ ਵਾਸੀਆਂ, ਵੋਟਰਾਂ ਤੇ ਸਪੋਟਰਾਂ ਦੇ ਅਤਿ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਸਿਖ਼ਰਾਂ 'ਤੇ ਪਹੁੰਚਾ ਕੇ ਉਨ੍ਹਾਂ ਦੀ ਧਰਮ-ਪਤਨੀ ਡਿੰਪਲ ਅਰੋੜਾ ਨੂੰ ਵੱਡੀ ਲੀਡ ਨਾਲ ਜਿਤਾਇਆ ਜਦ ਕਿ ਉਨ੍ਹਾਂ ਦਾ ਸਖ਼ਤ ਮੁਕਾਬਲਾ ਸਾਬਕਾ ਮੇਅਰ ਪ੍ਰਵੀਨ ਕੁਮਾਰ ਸ਼ਰਮਾ ਦੀ ਧਰਮ-ਪਤਨੀ ਨਾਲ ਸੀ ਪਰ ਫਿਰ ਵੀ ਵਾਰਡ ਨੰਬਰ 38 ਦੇ ਵੋਟਰਾਂ ਨੇ ਉਨ੍ਹਾਂ 'ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਇਆ | ਸਾਹਿਲ ਅਰੋੜਾ ਨੇ ਕਿਹਾ ਕਿ ਵਾਰਡ ਨੰਬਰ 38 ਦੇ ਵਾਸੀਆਂ ਨੇ ਪਹਿਲਾਂ ਵੀ ਮੈਨੂੰ ਕੌਂਸਲਰ ਬਣਾ ਕੇ ਮਾਣ ਬਖ਼ਸ਼ਿਆ ਹੈ ਤੇ ਹੁਣ ਫਿਰ ਮੇਰੇ ਵਲੋਂ ਕੀਤੇ ਵਿਕਾਸ ਕਾਰਜਾਂ ਨੂੰ ਵੇਖਦਿਆਂ ਮੇਰੀ ਧਰਮ-ਪਤਨੀ ਡਿੰਪਲ ਅਰੋੜਾ ਨੂੰ ਜਿਤਾਇਆ ਹੈ ਜਿਸ ਲਈ ਸਾਡਾ ਪਰਿਵਾਰ ਵਾਰਡ ਵਾਸੀਆਂ ਦਾ ਹਮੇਸ਼ਾ ਰਿਣੀ ਰਹੇਗਾ | ਉਨ੍ਹਾਂ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਆਸਾਂ 'ਤੇ ਖਰਾ ਉੱਤਰਨਗੇ ਤੇ ਵਾਰਡ ਨੰਬਰ 38 ਨੂੰ ਨਮੂਨੇ ਦਾ ਵਾਰਡ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ |