ਯਮੁਨਾਨਗਰ, 1 ਜੂਨ (ਗੁਰਦਿਆਲ ਸਿੰਘ ਨਿਮਰ)-ਸਟਰੀਟ ਵੈਂਡਰਾਂ ਅਤੇ ਫੇਰੀਆਂ ਵਾਲਿਆਂ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਬਣਾਉਣ ਲਈ ਅੱਜ ਕਨ੍ਹੱਈਆ ਸਾਹਿਬ ਚੌਕ ਸਥਿਤ ਨਗਰ ਨਿਗਮ ਦਫ਼ਤਰ ਵਿਖੇ ਲੋਕ ਭਲਾਈ ਮੇਲੇ ਦਾ ਉਦਘਾਟਨ ਕੀਤਾ ਗਿਆ | ਇਹ ਮੇਲਾ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਸਵੈ-ਨਿਧੀ ਯੋਜਨਾ ਤਹਿਤ 30 ਜੂਨ ਤੱਕ ਜਾਰੀ ਰਹੇਗਾ | ਇਸ ਮੇਲੇ 'ਚ ਸਟਰੀਟ ਵੈਂਡਰ ਵਿਕਰੇਤਾ 15 ਹਜ਼ਾਰ ਰੁ. ਤੋਂ ਲੈ ਕੇ 50 ਹਜ਼ਾਰ ਰੁ. ਤੱਕ ਦੇ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ | ਅਰਜ਼ੀ ਲਈ ਕੋਈ ਵੀ ਸਟਰੀਟ ਵੈਂਡਰ ਜਾਂ ਸਟਾਲ ਆਪ੍ਰੇਟਰ ਆਪਣੇ ਦਸਤਾਵੇਜ਼ਾਂ ਨਾਲ ਕਨ੍ਹੱਈਆ ਸਾਹਿਬ ਚੌਕ ਸਥਿਤ ਨਿਗਮ ਦਫ਼ਤਰ ਦੇ ਕਮਰਾ ਨੰ. 4 ਵਿਖੇ ਆ ਸਕਦਾ ਹੈ | ਇਸ ਸੰਬੰਧ 'ਚ ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਅਤੇ ਟੀ. ਐਫ. ਆਈ. ਗੋਪਾਲ ਬਖਸ਼ੀ ਨੇ ਕਿਹਾ ਕਿ ਕਰਜ਼ਿਆਂ ਤੋਂ ਇਲਾਵਾ ਮੇਲੇ 'ਚ ਸਟਰੀਟ ਫੂਡ ਵਿਕਰੇਤਾਵਾਂ ਨੂੰ ਵੱਖ-ਵੱਖ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ | ਇਸ ਦੇ ਨਾਲ ਹੀ, ਐਫ. ਐਸ. ਐਸ. ਏ. ਆਈ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ, ਇਕ ਰਾਸ਼ਟਰ ਇਕ ਰਾਸ਼ਨ ਕਾਰਡ ਯੋਜਨਾ ਤੇ ਬੀ. ਓ. ਸੀ. ਡਬਲਿਊ. ਅਧੀਨ ਰਜਿਸਟ੍ਰੇਸ਼ਨ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ, ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਜਨਨੀ ਸੁਰੱਖਿਆ ਯੋਜਨਾ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੇ ਸਹਿਯੋਗ ਨਾਲ ਸਟਰੀਟ ਫੂਡ ਵਿਕਰੇਤਾਵਾਂ ਲਈ ਡਿਜੀਟਲ ਭੁਗਤਾਨ ਸਿਖਲਾਈ, ਸਫਾਈ ਅਤੇ ਭੋਜਨ ਸੁਰੱਖਿਆ ਸਿਖਲਾਈ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕਰਜ਼ਾ ਲੈਣ ਲਈ ਬਿਨੈਕਾਰ ਇਕ ਸਟਰੀਟ ਵੈਂਡਰ ਹੋਣਾ ਚਾਹੀਦਾ ਹੈ, ਉਸ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਹੈ, ਨਗਰ ਨਿਗਮ ਖੇਤਰ ਦੇ ਕਿਸੇ ਵੀ ਬੈਂਕ 'ਚ ਖਾਤਾ ਹੋਣਾ ਚਾਹੀਦਾ ਹੈ, ਬੈਂਕ ਖਾਤਾ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ ਅਤੇ ਅਰਜ਼ੀ ਕਿਸੇ ਵੀ ਸੀ. ਐਸ. ਸੀ. ਤੋਂ ਦਿੱਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਕਰਜ਼ਿਆਂ ਸੰਬੰਧੀ ਅਰਜ਼ੀਆਂ ਕਨੱ੍ਹਈਆ ਸਾਹਿਬ ਚੌਕ ਵਿਖੇ ਸਥਿਤ ਨਗਰ ਨਿਗਮ ਦਫ਼ਤਰ ਦੇ ਕਮਰਾ ਨੰਬਰ 4 'ਚ ਮੁਫ਼ਤ ਜਮ੍ਹਾਂ ਕਰਵਾਈ ਜਾ ਸਕਦੀ ਹੈ |