ਮੋਗਾ, 2 ਜੂਨ (ਸੁਰਿੰਦਰਪਾਲ ਸਿੰਘ)-ਕਾਂਗਰਸ ਪਾਰਟੀ ਹਲਕਾ ਧਰਮਕੋਟ ਦੇ ਆਗੂ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਸਿਆਸੀ ਬਿਆਨਬਾਜ਼ੀ ਅਤੇ ਦੋਸ਼ਾਂ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਨਗਰ ਪੰਚਾਇਤ ਕੋਟ ਈਸੇ ਖਾਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਹਾਰ ਦਾ ਠੀਕਰਾ ਮੌਜੂਦਾ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਸਿਰ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਸਮਰਥਕਾਂ ਵਲੋਂ ਭੰਨਣਾ ਪੂਰੀ ਤਰ੍ਹਾਂ ਗਲਤ ਅਤੇ ਤੱਥਾਂ ਤੋਂ ਪਰੇ ਹੈ | ਉਨ੍ਹਾਂ ਕਿਹਾ ਕਿ ਕੁਝ ਆਗੂ ਆਪਣੀ ਨਿੱਜੀ ਨਾਕਾਮੀ ਨੂੰ ਛੁਪਾਉਣ ਲਈ ਲਗਾਤਾਰ ਹਰੀ ਸਿੰਘ ਖਾਈ ਅਤੇ ਕਾਂਗਰਸ ਦੇ ਹੋਰ ਸਮਰਪਿਤ ਵਰਕਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜਦ ਕਿ ਅਸਲ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ | ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅੱਜ ਦੂਜਿਆਂ 'ਤੇ ਉਂਗਲਾਂ ਚੁੱਕ ਰਹੇ ਹਨ, ਉਹ ਖ਼ੁਦ ਵੀ ਕਈ ਸਾਲਾਂ ਤੱਕ ਹਲਕੇ ਅਤੇ ਜ਼ਿਲੇ੍ਹ ਦੀ ਕਮਾਨ ਸੰਭਾਲਦੇ ਰਹੇ ਹਨ | ਜੇਕਰ ਉਨ੍ਹਾਂ ਦੇ ਸਮੇਂ ਦੌਰਾਨ ਕਾਂਗਰਸ ਪਾਰਟੀ ਨੂੰ ਚੋਣਾਂ ਵਿਚ ਹਾਰਾਂ ਅਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਉਸ ਦਾ ਜਵਾਬ ਵੀ ਉਨ੍ਹਾਂ ਨੂੰ ਹੀ ਦੇਣਾ ਚਾਹੀਦਾ ਹੈ | ਰਵੀ ਗਰੇਵਾਲ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕੇ ਦੀ ਅਗਵਾਈ ਵੀ ਇਨ੍ਹਾਂ ਹੀ ਆਗੂਆਂ ਕੋਲ ਸੀ ਅਤੇ ਉਸ ਸਮੇਂ ਉਹ ਹਲਕੇ ਵਿਚ ਵਿਕਾਸ ਕਾਰਜਾਂ ਦੇ ਵੱਡੇ ਦਾਅਵੇ ਕਰਦੇ ਸਨ | ਜੇਕਰ ਸਭ ਕੁਝ ਠੀਕ ਸੀ ਤਾਂ ਫਿਰ ਪਾਰਟੀ ਨੂੰ ਹਾਰ ਕਿਉਂ ਮਿਲੀ | ਉਨ੍ਹਾਂ ਕਿਹਾ ਕਿ ਬਾਅਦ ਵਿਚ ਹੋਈਆਂ ਚੋਣਾਂ ਦੌਰਾਨ ਵੀ ਇਹ ਆਗੂ ਜ਼ਿਲ੍ਹਾ ਪੱਧਰ 'ਤੇ ਅਹਿਮ ਅਹੁਦਿਆਂ 'ਤੇ ਰਹੇ ਅਤੇ ਉਨ੍ਹਾਂ ਦੇ ਕਰੀਬੀ ਸਾਥੀ ਵੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ, ਪਰ ਉਸ ਸਮੇਂ ਵੀ ਕਾਂਗਰਸ ਨੂੰ ਉਮੀਦਾਂ ਅਨੁਸਾਰ ਨਤੀਜੇ ਨਹੀਂ ਮਿਲੇ | ਉਨ੍ਹਾਂ ਕਿਹਾ ਕਿ ਅਸਲ ਸਚਾਈ ਇਹ ਹੈ ਕਿ ਕੁਝ ਆਗੂ ਹੁਣ ਸਿਆਸੀ ਤੌਰ 'ਤੇ ਪਹਿਲਾਂ ਵਾਲੀ ਸਰਗਰਮੀ ਨਹੀਂ ਦਿਖਾ ਰਹੇ ਅਤੇ ਸਮੇਂ ਦੇ ਨਾਲ ਉਨ੍ਹਾਂ ਦੀ ਕਾਰਜਸ਼ੈਲੀ ਵੀ ਪ੍ਰਭਾਵਿਤ ਹੋਈ ਹੈ | ਅਜਿਹੇ ਹਾਲਾਤਾਂ ਵਿਚ ਦੂਜਿਆਂ 'ਤੇ ਦੋਸ਼ ਮੜ੍ਹਨ ਦੀ ਬਜਾਏ ਪਾਰਟੀ ਦੀ ਮਜ਼ਬੂਤੀ ਲਈ ਸਕਾਰਾਤਮਿਕ ਭੂਮਿਕਾ ਨਿਭਾਉਣੀ ਚਾਹੀਦੀ ਹੈ | ਉਨ੍ਹਾਂ ਸੁਝਾਅ ਦਿੱਤਾ ਕਿ ਸਾਬਕਾ ਵਿਧਾਇਕ ਲੋਹਗੜ੍ਹ ਨੂੰ ਵੀ ਹਲਕੇ ਵਿਚ ਕਿਸੇ ਯੋਗ ਅਤੇ ਸਰਗਰਮ ਆਗੂ ਨੂੰ ਅੱਗੇ ਲਿਆ ਕੇ ਉਸ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਕਾਂਗਰਸ ਪਾਰਟੀ ਭਵਿੱਖ ਦੀਆਂ ਚੋਣਾਂ ਵਿਚ ਮਜ਼ਬੂਤੀ ਨਾਲ ਉੱਭਰ ਸਕੇ | ਉਨ੍ਹਾਂ ਕਿਹਾ ਕਿ ਹਰੀ ਸਿੰਘ ਖਾਈ ਅੱਜ ਵੀ ਪੂਰੀ ਤਨਦੇਹੀ ਨਾਲ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਵਰਕਰਾਂ ਨੂੰ ਇਕਜੁੱਟ ਕਰਨ ਲਈ ਲਗਾਤਾਰ ਯਤਨਸ਼ੀਲ ਹਨ |