ਮੋਗਾ, 15 ਜੂਨ (ਸੁਰਿੰਦਰਪਾਲ ਸਿੰਘ)-ਪਿਛਲੇ ਦੋ ਮਹੀਨੇ ਤੋਂ ਪੈਸਕੋ ਮੁਲਾਜ਼ਮ ਜੋ ਸਾਬਕਾ ਸੈਨਿਕ ਹਨ ਤੇ ਬਿਜਲੀ ਗਰਿੱਡਾਂ ਦੀ ਸੁਰੱਖਿਆ ਕਰਦੇ ਦੀਆਂ ਤਨਖ਼ਾਹਾਂ ਵਿਚ ਕੀਤੀ ਕਟੌਤੀ ਦੇ ਵਿਰੋਧ ਵਿਚ ਮੋਗਾ ਦੇ 132 ਕੇ.ਵੀ. ਗਰਿੱਡ ਅੱਗੇ ਇਕੱਠੇ ਹੋ ਕੇ ਰੋਸ ਧਰਨਾ ਦਿੱਤਾ ਗਿਆ ਜਿਸ ਵਿਚ 220 ਕੇ.ਵੀ. ਗਰਿੱਡ ਬਾਘਾ ਪੁਰਾਣਾ, 132 ਕੇ.ਵੀ. ਗਰਿੱਡ ਬੱਧਨੀ ਕਲਾਂ, 132 ਕੇ.ਵੀ. ਗਰਿੱਡ ਸਮਾਧ ਭਾਈ, 132 ਕੇ.ਵੀ. ਗਰਿੱਡ ਘੋਲੀਆ ਕਲਾਂ, 132 ਕੇ.ਵੀ. ਗਰਿੱਡ ਧੱਲੇਕੇ, 132 ਕੇ.ਵੀ. ਗਰਿੱਡ ਸਿੰਘਾਂਵਾਲਾ, 132 ਕੇ.ਵੀ. ਗਰਿੱਡ ਸੋਸਣ ਦੇ ਸੁਰੱਖਿਆ ਮੁਲਾਜ਼ਮਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਗੁਰਸੇਵਕ ਸਿੰਘ ਅਤੇ ਸਤਨਾਮ ਸਿੰਘ ਨੇ ਕਿਹਾ ਕਿ ਉਹ ਸਾਬਕਾ ਸੈਨਿਕ ਹਨ ਤੇ ਪੈਸਕੋ ਕੰਪਨੀ ਦੇ ਮੁਲਾਜ਼ਮ ਹਨ ਜੋ ਬਿਜਲੀ ਗਰੇਡਾਂ ਦੀ ਸੁਰੱਖਿਆ ‘ਚ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਪੈਸਕੋ ਵਲੋਂ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਦੀਆਂ ਤਨਖ਼ਾਹਾਂ ਵਿਚ ਵੱਡੀਆਂ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਸਬੰਧੀ ਉਨ੍ਹਾਂ ਵਲੋਂ ਅਨੇਕਾਂ ਵਾਰ ਕੰਪਨੀ ਦੇ ਆਗੂਆਂ ਨਾਲ ਗੱਲ ਕੀਤੀ ਗਈ ਪਰ ਇਹ ਵਰਤਾਰਾ ਲਗਾਤਾਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਦੀ ਤਨਖ਼ਾਹ 13 ਹਜ਼ਾਰ ਹੈ ਪਰ ਪੈਸਕੋ ਵਲੋਂ ਕਿਸੇ ਨੂੰ 2200, 3000, 5000, 6000 ਪਾਈਆਂ ਗਈਆਂ ਹਨ ਜੋ ਇਨ੍ਹਾਂ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਸੀ ਕਿ ਜੋ ਸਾਬਕਾ ਸੈਨਿਕ ਕੰਪਨੀ ਅਧੀਨ ਸੁਰੱਖਿਆ ਮੁਲਾਜ਼ਮ ਹਨ ਉਨ੍ਹਾਂ ਨੂੰ ਸਰਕਾਰੀ ਮੁਲਾਜ਼ਮ ਵਜੋਂ ਨਿਯੁਕਤ ਕਰ ਕੇ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਠੇਕੇਦਾਰੀ ਸਿਸਟਮ ਖ਼ਤਮ ਕਰ ਕੇ ਜਲਦ ਤੋਂ ਜਲਦ ਇਨ੍ਹਾਂ ਸੁਰੱਖਿਆ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਉਨ੍ਹਾਂ ਦੀਆਂ ਬਕਾਇਆ ਤਨਖ਼ਾਹਾਂ ਜਲਦ ਦਿਵਾਈਆਂ ਜਾਣ ਤਾਂ ਜੋ ਇਹ ਸਾਬਕਾ ਸੈਨਿਕ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ। ਇਸ ਮੌਕੇ ਗੁਰਮੇਲ ਸਿੰਘ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਜਪਾਲ ਸਿੰਘ, ਕ੍ਰਿਸ਼ਨ ਸਿੰਘ, ਮਨਪ੍ਰੀਤ ਸਿੰਘ, ਜਗਜੀਤ ਸਿੰਘ, ਰਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਰੂੜ ਸਿੰਘ, ਜਸਕਰਨ ਸਿੰਘ, ਅੰਗਰੇਜ਼ ਸਿੰਘ, ਗੁਰਤੇਜ ਸਿੰਘ, ਜਸਬੀਰ ਸਿੰਘ, ਬਲਦੇਵ ਸਿੰਘ, ਗੁਰਲਾਲ ਸਿੰਘ, ਅਵਤਾਰ ਸਿੰਘ, ਬਲਰਾਜ ਸਿੰਘ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ, ਮਨਜੀਤ ਸਿੰਘ, ਰੁਪਿੰਦਰ ਸਿੰਘ, ਬਲਜਿੰਦਰ ਸਿੰਘ ਤੇ ਜਸਕੀਰਤ ਸਿੰਘ ਆਦਿ ਆਗੂ ਹਾਜ਼ਰ ਸਨ।