ਅੰਮ੍ਰਿਤਸਰ, 15 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ-ਅੰਮ੍ਰਿਤਸਰ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਤੇ ਸਟੇਟ ਮੈਂਬਰ, ਰਾਮਗੜ੍ਹੀਆ ਵੈੱਲਫੇਅਰ ਬੋਰਡ (ਪੰਜਾਬ ਸਰਕਾਰ) ਸਤਨਾਮ ਸਿੰਘ ਮਠਾੜੂ ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋਂ 11 ਜੂਨ ਨੂੰ ਸਾਰੇ ਸਰਕਾਰੀ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਸਪੱਸ਼ਟ ਹੁਕਮ ਦਿੱਤੇ ਗਏ ਹਨ ਕਿ ਸਤੰਬਰ 2026 ਤੱਕ ਕਿਸੇ ਵੀ ਰੈਲੀ, ਧਰਨੇ ਜਾਂ ਰੋਡ-ਸ਼ੋਅ ਲਈ ਪਰਮਿਸ਼ਨ ਨਾ ਦਿੱਤੀ ਜਾਵੇ। ਹਰਿਆਣਾ ਸਰਕਾਰ ਇਸ ਨੂੰ ਫਿਊਲ ਬਚਾਉਣ ਦਾ ਹਵਾਲਾ ਦੇ ਰਹੀ ਹੈ, ਪਰ ਅਸਲ ਵਿਚ ਇਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਇਸ ਮੌਕੇ ਹਰਪ੍ਰੀਤ ਸਿੰਘ ਬੇਦੀ, ਕੇਵਲ ਅਟਵਾਲ, ਐੱਸ. ਪੀ. ਸਿੰਘ ਅਤੇ ਬਲਜੀਤ ਸਿੰਘ ਜੌੜਾ ਹਾਜ਼ਰ ਸਨ। ਮਠਾੜੂ ਨੇ ਕਿਹਾ ਕਿ ਇਹ ਫ਼ੈਸਲਾ ਦਰਅਸਲ ਨੀਟ ਪ੍ਰੀਖਿਆ ਲੀਕ ਮਾਮਲੇ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਕੀਤਾ ਗਿਆ ਹੈ, ਜੇਕਰ ਸਰਕਾਰ ਦਾ ਮਕਸਦ ਸਚੁਮੱਚ ਤੇਲ ਬਚਾਉਣਾ ਹੁੰਦਾ ਤਾਂ ਇਹੀ ਨਿਯਮ ਹਰਿਆਣਾ ਦੇ ਨੇਤਾਵਾਂ ਸੈਣੀ-ਖੱਟਰ ਦੇ ਪੰਜਾਬ ਵਿਚ ਆ ਕੇ ਰੈਲੀਆਂ ਕਰਦੇ ਸਮੇਂ ਵੀ ਲਾਗੂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਕ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਆਪਣੇ ਸੂਬੇ ਹਰਿਆਣਾ ਵਿਚ ਰੈਲੀਆਂ ਅਤੇ ਧਰਨਿਆਂ ‘ਤੇ ਪਾਬੰਦੀ ਲਗਾ ਰਹੇ ਹਨ, ਜਦਕਿ ਦੂਜੇ ਪਾਸੇ ਪੰਜਾਬ ਵਿਚ ਲਗਾਤਾਰ ਰੈਲੀਆਂ ਕਰ ਰਹੇ ਹਨ। ਇਹ ਉਨ੍ਹਾਂ ਦੇ ਦੋਹਰੇ ਮਾਪਦੰਡਾਂ ਨੂੰ ਸਾਫ਼ ਤੌਰ ‘ਤੇ ਬੇਨਕਾਬ ਕਰਦਾ ਹੈ। ਮਠਾੜੂ ਨੇ ਕਿਹਾ ਕਿ ਭਾਜਪਾ ਦੀ ਇਹ ਨੀਤੀ ਸਾਬਤ ਕਰਦੀ ਹੈ ਕਿ ਉਹ ਜਨਤਾ ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਅਤੇ ਪੰਜਾਬ ਵਿਚ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਲਈ ਦੋਹਰੇ ਮਾਪਦੰਡ ਅਪਣਾ ਰਹੀ ਹੈ।
ਸੈਣੀ-ਖੱਟਰ ਦੇ ਦੋਹਰੇ ਮਾਪਦੰਡ ਬੇਨਕਾਬ, ਹਰਿਆਣਾ ’ਚ ਰੋਕ ਲਗਾ ਪੰਜਾਬ ਵਿਚ ਕਰ ਰਹੇ ਰੈਲੀਆਂ-ਸਤਨਾਮ ਸਿੰਘ ਮਠਾੜੂ
ਅਜੀਤ ਡੈਸਕ
16-06-2026