ਮੋਗਾ, 18 ਜੂਨ (ਸੁਰਿੰਦਰਪਾਲ ਸਿੰਘ)-ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਅਤੇ ਹਲਕਾ ਮੋਗਾ ਦੀ ਇੰਚਾਰਜ ਮਾਲਵਿਕਾ ਸੂਦ ਨੇ ਨਗਰ ਨਿਗਮ ਮੋਗਾ ਵਿਚ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਐਫ. ਐਂਡ ਸੀ.ਸੀ. ਮੈਂਬਰਾਂ ਦੀ ਚੋਣ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਸੱਤਾਧਾਰੀ ਆਮ ਆਦਮੀ ਪਾਰਟੀ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ 11 ਜੂਨ ਨੂੰ ਮੇਅਰ ਦੀ ਚੋਣ ਹੋਣ ਤੋਂ ਬਾਅਦ ਅੱਜ ਤੱਕ ਇਹ ਅਹਿਮ ਅਹੁਦੇ ਖ਼ਾਲੀ ਪਏ ਹਨ, ਜੋ ਕਿ ਕਾਨੂੰਨੀ ਪ੍ਰਕਿਰਿਆ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਉੱਤੇ ਸਵਾਲ ਖੜ੍ਹੇ ਕਰਦਾ ਹੈ। ਮਾਲਵਿਕਾ ਸੂਦ ਨੇ ਕਿਹਾ ਕਿ ਜਦੋਂ ਮੋਗਾ ਦੇ ਮੇਅਰ ਦੀ ਚੋਣ ਹੋਈ ਸੀ, ਉਸੇ ਦਿਨ ਕਾਨੂੰਨ ਮੁਤਾਬਿਕ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਐਫ. ਐਂਡ ਸੀ.ਸੀ. ਮੈਂਬਰਾਂ ਦੀ ਚੋਣ ਵੀ ਕਰਨੀ ਲਾਜ਼ਮੀ ਸੀ ਪਰ ਸੱਤਾਧਾਰੀ ਧਿਰ ਵਲੋਂ ਇਹ ਚੋਣ ਨਾ ਕਰਵਾਉਣਾ ਦਰਸਾਉਂਦਾ ਹੈ ਕਿ ਕਿਤੇ ਨਾ ਕਿਤੇ ਪ੍ਰਕਿਰਿਆ ਵਿਚ ਗੜਬੜ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਜਦੋਂ ਆਪ ਪਾਰਟੀ ਕੋਲ ਨਗਰ ਨਿਗਮ ਵਿਚ ਪੂਰਾ ਬਹੁਮਤ ਮੌਜੂਦ ਹੈ, ਤਾਂ ਫਿਰ ਇਹ ਚੋਣਾਂ ਕਰਵਾਉਣ ਵਿਚ ਦੇਰੀ ਕਿਉਂ ਕੀਤੀ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਇਹ ਸਿਰਫ਼ ਰਾਜਨੀਤਕ ਲਾਪਰਵਾਹੀ ਨਹੀਂ, ਸਗੋਂ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀਆਂ ਜ਼ਰੂਰਤਾਂ ਨਾਲ ਖਿਲਵਾੜ ਹੈ। ਮਾਲਵਿਕਾ ਸੂਦ ਨੇ ਕਿਹਾ ਕਿ ਇਹ ਅਹੁਦੇ ਸਿਰਫ਼ ਰਸਮੀ ਨਹੀਂ ਹਨ, ਸਗੋਂ ਸ਼ਹਿਰੀ ਪ੍ਰਸ਼ਾਸਨ ਦੀ ਸੁਚੱਜੀ ਕਾਰਗੁਜ਼ਾਰੀ ਲਈ ਬਹੁਤ ਮਹੱਤਵਪੂਰਨ ਹਨ। ਮੇਅਰ ਇਕੱਲੇ ਸਾਰੇ ਕੰਮ ਨਹੀਂ ਸੰਭਾਲ ਸਕਦੇ, ਇਸ ਲਈ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਭੂਮਿਕਾ ਬਹੁਤ ਜ਼ਰੂਰੀ ਹੁੰਦੀ ਹੈ। ਇਹ ਅਹੁਦੇਦਾਰ ਮੇਅਰ ਦੀ ਸਹਾਇਤਾ ਕਰਦੇ ਹੋਏ ਵੱਖ-ਵੱਖ ਪ੍ਰਸ਼ਾਸਨਿਕ ਕੰਮਾਂ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਐਫ. ਐਂਡ ਸੀ.ਸੀ. ਮੈਂਬਰਾਂ ਦੀ ਚੋਣ ਨਾਲ ਵੱਖ-ਵੱਖ ਕਮੇਟੀਆਂ ਬਣਦੀਆਂ ਹਨ, ਜੋ ਲੋਕਾਂ ਦੇ ਰੋਜ਼ਾਨਾ ਮਸਲਿਆਂ ਨੂੰ ਹੱਲ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਜੇ ਇਹ ਮੈਂਬਰ ਨਾ ਹੋਣ ਤਾਂ ਫ਼ੈਸਲਾ ਲੈਣ ਦੀ ਪ੍ਰਕਿਰਿਆ ਸੁਸਤੀ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਸਮੇਂ ‘ਤੇ ਸੁਵਿਧਾਵਾਂ ਨਹੀਂ ਮਿਲਦੀਆਂ। ਉਨ੍ਹਾਂ ਦੇ ਅਨੁਸਾਰ ਇਹ ਚੋਣਾਂ ਲੋਕਤੰਤਰਿਕ ਪ੍ਰਕਿਰਿਆ ਦਾ ਹਿੱਸਾ ਹਨ, ਜੋ ਵੱਖ-ਵੱਖ ਇਲਾਕਿਆਂ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਂਦੀਆਂ ਹਨ। ਮਾਲਵਿਕਾ ਸੂਦ ਨੇ ਜਵਾਬਦੇਹੀ ਅਤੇ ਪਾਰਦਰਸ਼ਤਾ ਦੇ ਮਸਲੇ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਕਈ ਅਧਿਕਾਰੀ ਮਿਲ ਕੇ ਕੰਮ ਕਰਦੇ ਹਨ, ਤਾਂ ਪ੍ਰਸ਼ਾਸਨ ਵਿਚ ਪਾਰਦਰਸ਼ਤਾ ਵਧਦੀ ਹੈ ਅਤੇ ਹਰ ਫ਼ੈਸਲੇ ਲਈ ਜਵਾਬਦੇਹੀ ਤੈਅ ਹੁੰਦੀ ਹੈ, ਪਰ ਜੇ ਇਹ ਅਹੁਦੇ ਖ਼ਾਲੀ ਰਹਿੰਦੇ ਹਨ, ਤਾਂ ਸਾਰੀ ਜ਼ਿੰਮੇਵਾਰੀ ਕੁਝ ਹੱਥਾਂ ਵਿਚ ਕੇਂਦਰਿਤ ਹੋ ਜਾਂਦੀ ਹੈ, ਜੋ ਪ੍ਰਸ਼ਾਸਨਿਕ ਕਮਜ਼ੋਰੀ ਨੂੰ ਜਨਮ ਦਿੰਦੀ ਹੈ। ਜੇ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਐਫ. ਐਂਡ ਸੀ.ਸੀ. ਮੈਂਬਰ ਨਹੀਂ ਹੋਣਗੇ, ਤਾਂ ਵਿਕਾਸ ਕਾਰਜਾਂ ਵਿਚ ਦੇਰੀ, ਗੜਬੜ ਅਤੇ ਗੁਣਵੱਤਾ ਵਿਚ ਕਮੀ ਆ ਸਕਦੀ ਹੈ। ਅੰਤ ਵਿਚ ਮਾਲਵਿਕਾ ਸੂਦ ਨੇ ਆਖਿਆ ਕਿ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਐਫ. ਐਂਡ ਸੀ.ਸੀ. ਮੈਂਬਰਾਂ ਦੀ ਚੋਣ ਤੁਰੰਤ ਕਰਵਾਈ ਜਾਵੇ ਤਾਂ ਜੋ ਨਗਰ ਨਿਗਮ ਦਾ ਕੰਮਕਾਜ ਸੁਚੱਜੇ ਢੰਗ ਨਾਲ ਚੱਲ ਸਕੇ ਅਤੇ ਸ਼ਹਿਰ ਦੇ ਵਿਕਾਸ ਵਿਚ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਕਿਹਾ ਕਿ ਜੇ ਜਲਦੀ ਇਹ ਮਸਲਾ ਹੱਲ ਨਾ ਕੀਤਾ ਗਿਆ, ਤਾਂ ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਣ ਤੋਂ ਪਿੱਛੇ ਨਹੀਂ ਹਟੇਗੀ।
ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਐਫ. ਐਂਡ ਸੀ.ਸੀ. ਮੈਂਬਰਾਂ ਦੀ ਚੋਣ ਨਾ ਹੋਣ ਨਾਲ ਵਧਿਆ ਸਿਆਸੀ ਤਣਾਅ
ਅਜੀਤ ਡੈਸਕ
19-06-2026