14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਨੌਜਵਾਨ ਕਥਾਕਾਰ ਅਲਫ਼ਾਜ਼ ਨੂੰ ਮਿਲੇਗਾ ਵੱਕਾਰੀ ਜਰਨੈਲ ਸਿੰਘ ਸੇਖਾ ਗਲਪ ਪੁਰਸਕਾਰ

Ad Position 21
No active advertisement
ਅਜੀਤ ਡੈਸਕ 19-06-2026


ਮੋਗਾ, 18 ਜੂਨ (ਸੁਰਿੰਦਰਪਾਲ ਸਿੰਘ)-ਮਾਂ-ਬੋਲੀ ਪੰਜਾਬੀ ਅਤੇ ਸਾਹਿਤ ਦੇ ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ ਪ੍ਰਮੁੱਖ ਸਾਹਿਤਕ ਸੰਸਥਾ ਮਹਿੰਦਰ ਸਾਥੀ ਯਾਦਗਾਰੀ ਮੰਚ ਰਜਿ: ਮੋਗਾ ਨੇ ਆਉਣ ਵਾਲੀ 28 ਜੂਨ ਐਤਵਾਰ ਨੂੰ ਸਵੇਰੇ 10 ਵਜੇ ਡੀ.ਐਮ. ਕਾਲਜ ਮੋਗਾ ਵਿਖੇ ਇਕ ਵਿਸ਼ਾਲ ਸਨਮਾਨ ਸਮਾਰੋਹ ਅਤੇ ਨਵੀਂ ਸ਼ਾਇਰੀ ਦੀ ਉਡਾਣ ਬੈਨਰ ਹੇਠ ਸ਼ਾਨਦਾਰ ਕਵੀ ਦਰਬਾਰ ਕਰਵਾਉਣ ਦਾ ਐਲਾਨ ਕਰਨ ਦੇ ਨਾਲ-ਨਾਲ ਦਿੱਤੇ ਜਾਣ ਵਾਲੇ ਪੁਰਸਕਾਰਾਂ ਦੀ ਵੀ ਘੋਸ਼ਣਾ ਕੀਤੀ ਹੈ। ਇਸ ਵਾਰ ਦਾ ਵੱਕਾਰੀ ਅਤੇ ਮਾਣਮੱਤਾ ਜਰਨੈਲ ਸਿੰਘ ਸੇਖਾ ਗਲਪ ਪੁਰਸਕਾਰ ਪੰਜਾਬੀ ਸਾਹਿਤ ਜਗਤ ਵਿਚ ਆਪਣੀ ਡੂੰਘੀ, ਨਿਵੇਕਲੀ ਅਤੇ ਬੇਹੱਦ ਪ੍ਰਭਾਵਸ਼ਾਲੀ ਲੇਖਣੀ ਸਦਕਾ ਪਾਠਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਹਰਮਨ ਪਿਆਰੇ ਨੌਜਵਾਨ ਕਹਾਣੀਕਾਰ ਅਲਫ਼ਾਜ਼ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਆਪਣੀਆਂ ਵਾਰਤਕ ਅਤੇ ਸਾਹਿਤਕ ਲਿਖਤਾਂ ਰਾਹੀਂ ਸਮਾਜਿਕ ਸਰੋਕਾਰਾਂ ਨੂੰ ਬਹੁਤ ਹੀ ਖ਼ੂਬਸੂਰਤ ਤੇ ਬੁਲੰਦ ਆਵਾਜ਼ ਵਿਚ ਪੇਸ਼ ਕਰ ਕੇ ਸਾਹਿਤ ਜਗਤ ਵਿਚ ਬਹੁਤ ਛੋਟੀ ਉਮਰੇ ਇਕ ਵੱਡਾ ਮੁਕਾਮ ਹਾਸਲ ਕੀਤਾ ਹੈ। ਇਸੇ ਸਮਾਗਮ ਦੌਰਾਨ ਨਾਮਵਰ ਯੁਵਾ ਕਵਿੱਤਰੀ ਰੂਹੀ ਸਿੰਘ ਨੂੰ ਵੀ ਮਹਿੰਦਰ ਸਾਥੀ ਯੁਵਾ ਕਾਵਿ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ ਅਤੇ ਇਸੇ ਦੌਰਾਨ ਪੰਜਾਬ ਦੇ ਨਾਮਵਰ ਨੌਜਵਾਨ ਸ਼ਾਇਰ ਆਪਣੀ ਕਲਾ ਦਾ ਮੁਜ਼ਾਹਰਾ ਪੇਸ਼ ਕਰਨਗੇ। ਇਸ ਵੱਕਾਰੀ ਸਨਮਾਨ ਲਈ ਚੁਣੇ ਜਾਣ ‘ਤੇ ਕਹਾਣੀਕਾਰ ਅਲਫ਼ਾਜ਼ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ, ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ ਅਤੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਖਿਆ ਕਿ ਮਹਿੰਦਰ ਸਾਥੀ ਦੀ ਯਾਦ ਵਿਚ ਬਣੇ ਪਵਿੱਤਰ ਅਤੇ ਇਤਿਹਾਸਕ ਮੰਚ ਤੋਂ ਇਹ ਸਨਮਾਨ ਮਿਲਣਾ ਉਨ੍ਹਾਂ ਦੀ ਕਲਮ ਲਈ ਇਕ ਬਹੁਤ ਵੱਡਾ ਸਰਮਾਇਆ ਅਤੇ ਮਾਣ ਵਾਲੀ ਗੱਲ ਹੈ, ਜੋ ਉਨ੍ਹਾਂ ਨੂੰ ਭਵਿੱਖ ਵਿਚ ਪੰਜਾਬੀ ਮਾਂ-ਬੋਲੀ ਦੀ ਹੋਰ ਸੇਵਾ ਕਰਨ ਦੇ ਨਾਲ-ਨਾਲ ਜ਼ਿੰਮੇਵਾਰੀ ਵਧਾਏਗਾ। ਵੱਖ-ਵੱਖ ਸਾਹਿਤਕ ਸੰਸਥਾਵਾਂ ਤੇ ਲੇਖਕ ਭਾਈਚਾਰੇ ਵਲੋਂ ਅਲਫ਼ਾਜ਼ ਨੂੰ ਵਧਾਈ ਦਿੰਦਿਆਂ ਮੰਚ ਨੂੰ ਸੁਚੱਜੀ ਚੋਣ ‘ਤੇ ਮੁਬਾਰਕਬਾਦ ਦਿੱਤੀ ਹੈ ਤੇ ਨਾਲ ਹੀ ਮੰਚ ਵਲੋਂ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਨਿਮਰਤਾ ਸਹਿਤ ਬੇਨਤੀ ਵੀ ਕੀਤੀ।

 

Ad Position 22
No active advertisement
ਪਿਛਲੀ ਖ਼ਬਰ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰਪਾਲ ਵਲੋਂ ਪੰਜਾਬੀਆਂ ਨੂੰ ‘ਇਮੋਸ਼ਨਲ ਬਲੱਡੀ ਫੂਲਜ਼’ ਕਹਿਣਾ ਸਮੁੱਚੇ ਪੰਜਾਬ ਦਾ ਘੋਰ... ਅਗਲੀ ਖ਼ਬਰ ਗੁਰੂ ਨਾਨਕ ਮੋਦੀ ਖਾਨਾ ਦਾ ਹੋਇਆ 268ਵਾਂ ਰਾਸ਼ਨ ਵੰਡ ਸਮਾਗਮ
Ad Position 24