ਮੋਗਾ, 25 ਜੂਨ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਮੋਗਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਡਰੇਨੇਜ਼ ਵਿਭਾਗ ਦੇ ਐਸ.ਡੀ.ਓ. ਸੰਦੀਪ ਕੁਮਾਰ ਵਾਧੂ ਚਾਰਜ ਡਰੇਨ ਵਿਭਾਗ ਮੋਗਾ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਮੰਗ ਕੀਤੀ ਕਿ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਜ਼ਿਲ੍ਹਾ ਮੋਗਾ ਸਮੇਤ ਪੰਜਾਬ ਭਰ ਦੀਆਂ ਡਰੇਨਾਂ ਦੀ ਤੁਰੰਤ ਸਫ਼ਾਈ ਕੀਤੀ ਜਾਵੇ। ਇਸ ਵੇਲੇ ਬਹੁਤੀਆਂ ਡਰੇਨਾਂ ਵਿਚ ਘਾਹ-ਫੂਸ, ਝਾੜੀਆਂ, ਗਾਰ ਅਤੇ ਹੋਰ ਕੂੜਾ-ਕਰਕਟ ਜਮਾਂ ਹੋਣ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਹੈ। ਹਰ ਸਾਲ ਬਰਸਾਤਾਂ ਦੌਰਾਨ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਹਜ਼ਾਰਾਂ ਏਕੜ ਫ਼ਸਲਾਂ ਪਾਣੀ ਵਿਚ ਡੁੱਬ ਜਾਂਦੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਇਸ ਤੋਂ ਇਲਾਵਾ ਪਿੰਡਾਂ ਅਤੇ ਸ਼ਹਿਰਾਂ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਕਾਰਨ ਆਮ ਲੋਕਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਰੇਨਾਂ ਵਿਚ ਜਮਾਂ ਗਾਰ, ਘਾਹ-ਫੂਸ ਅਤੇ ਹੋਰ ਰੁਕਾਵਟਾਂ ਨੂੰ ਤੁਰੰਤ ਹਟਾਇਆ ਜਾਵੇ, ਡਰੇਨਾਂ ਦੇ ਟੁੱਟੇ ਹੋਏ ਕੰਢਿਆਂ ਦੀ ਮੁਰੰਮਤ ਕੀਤੀ ਜਾਵੇ ਅਤੇ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਸਾਰਾ ਸਫ਼ਾਈ ਕਾਰਜ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡਰੇਨਾਂ ਦੀ ਨਿਯਮਿਤ ਨਿਗਰਾਨੀ ਲਈ ਵੀ ਪੱਕਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਕਿਸਾਨਾਂ ਤੇ ਆਮ ਲੋਕਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਮੌਕੇ ਡਰੇਨ ਵਿਭਾਗ ਦੇ ਐਸ.ਡੀ.ਓ. ਸੰਦੀਪ ਕੁਮਾਰ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਵਿਭਾਗ ਵਲੋਂ ਡਰੇਨਾਂ ਦੀ ਸਫ਼ਾਈ ਤੇ ਲੋੜੀਂਦੀ ਮੁਰੰਮਤ ਸਬੰਧੀ ਕਾਰਵਾਈ ਨੂੰ ਤਰਜੀਹ ਦੇ ਆਧਾਰ ‘ਤੇ ਅਮਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਸਾਨਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਵਲੋਂ ਡਰੇਨਾਂ ਦੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਹ ਖ਼ੁਦ ਹੀ ਇਹ ਕਬਜ਼ੇ ਹਟਾ ਦੇਣ ਤੇ ਵਿਭਾਗ ਦਾ ਸਹਿਯੋਗ ਕਰਨ ਤਾਂ ਜੋ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਡਰੇਨਾਂ ਵਿਚੋਂ ਪਾਣੀ ਸੁਚਾਰੂ ਤੇ ਨਿਰਵਿਘਨ ਢੰਗ ਨਾਲ ਨਿਕਲ ਸਕੇ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਲਖਬੀਰ ਸਿੰਘ ਸੰਧੂਆਣਾ, ਜ਼ਿਲ੍ਹਾ ਮੀਤ ਪ੍ਰਧਾਨ ਮੋਦਨ ਸਿੰਘ ਨਿਧਾਂ ਵਾਲਾ, ਜ਼ਿਲ੍ਹਾ ਮੀਡੀਆ ਇੰਚਾਰਜ ਬਲਕਰਨ ਸਿੰਘ ਢਿੱਲੋਂ, ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ, ਬੰਤ ਸਿੰਘ ਨਿਧਾਂ ਵਾਲਾ, ਗੁਰਮੀਤ ਸਿੰਘ ਸੰਧੂਆਣਾ ਆਦਿ ਹਾਜ਼ਰ ਸਨ।