ਮੋਗਾ, 25 ਜੂਨ (ਜਸਪਾਲ ਸਿੰਘ ਬੱਬੀ)-ਡਾ. ਅੰਮ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਾਣੀ ਦੀ ਬੱਚਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ। ਹੁਣ ਤੱਕ ਮੋਗਾ ਜ਼ਿਲ੍ਹੇ ਵਿਚ 4100 ਏਕੜ ਰਕਬੇ ’ਚ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਰਜਿਸਟਰੇਸ਼ਨ ਹੋ ਚੁੱਕੀ ਹੈ ਤੇ ਇਸ ਰਜਿਸਟਰੇਸ਼ਨ ਦੀ ਆਖ਼ਰੀ ਮਿਤੀ : 30 ਜੂਨ 2026 ਤੱਕ ਨਿਰਧਾਰਿਤ ਕੀਤੀ ਗਈ ਹੈ। ਜਿਹੜੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ, ਉਹ 30 ਜੂਨ ਤੱਕ ਪੋਰਟਲ ’ਤੇ ਅਪਲਾਈ ਕਰ ਸਕਦੇ ਹਨ। ਜ਼ਿਲ੍ਹਾ ਮੋਗਾ ਦੇ ਕਿਸਾਨਾਂ ਵਲੋਂ ਜਿੱਥੇ ਰਵਾਇਤੀ ਤਰੀਕੇ ਨਾਲ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ, ਉੱਥੇ ਕਿਸਾਨਾਂ ਨੇ ਪਾਣੀ ਦੀ ਹੋਰ ਬੱਚਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਸਟੈੱਪ ਮਸ਼ੀਨ ਨਾਲ ਬੈੱਡਾਂ ‘ਤੇ ਕਰਨੀ ਸ਼ੁਰੂ ਕਰ ਦਿੱਤੀ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮੋਗਾ ਦੀ ਟੀਮ ਵਲੋਂ ਪਿੰਡ ਧੱਲੇਕੇ (ਮੋਗਾ) ਦੇ ਅਗਾਂਹਵਧੂ ਕਿਸਾਨ ਹਰਨੇਕ ਸਿੰਘ ਦੇ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ ਬੈੱਡ ਉੱਪਰ ਕਰਵਾ ਕੇ ਕਿਸਾਨਾਂ ਲਈ ਇਕ ਗਿਆਨ ਵਰਧਕ ਪ੍ਰਦਰਸ਼ਨੀ ਲਗਾਈ ਤਾਂ ਜੋ ਬਾਕੀ ਕਿਸਾਨ ਵੀ ਇਸ ਤੋਂ ਪ੍ਰੇਰਿਤ ਹੋ ਕੇ ਅਜਿਹੀਆਂ ਅਗਾਂਹਵਧੂ ਤਕਨੀਕਾਂ ਨੂੰ ਅਪਣਾਉਣ ਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਦੇ ਨਾਲ-ਨਾਲ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ। ਇਸ ਮੌਕੇ ਡਾ. ਅੰਮ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ, ਡਾ. ਸੁਖਰਾਜ ਕੌਰ ਖੇਤੀਬਾੜੀ ਅਫ਼ਸਰ ਮੋਗਾ, ਡਾ. ਬਲਜਿੰਦਰ ਸਿੰਘ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਮੋਗਾ, ਡਾ. ਗੁਰਲਵਲੀਨ ਸਿੰਘ, ਡਾ. ਧਰਮਪਾਲ, ਡਾ. ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਡਾ. ਬਲਵਿੰਦਰ ਸਿੰਘ ਲੱਖੇਵਾਲੀ ਪ੍ਰੋਜੈਕਟ ਡਾਇਰੈਕਟਰ ਆਤਮਾ, ਕੰਵਲਜੀਤ ਸਿੰਘ ਬੀ.ਟੀ.ਐਮ. ਆਤਮਾ ਅਤੇ ਪਰਗਟ ਸਿੰਘ ਰਾਊਂਡ ਗਲਾਸ ਫਾਊਂਡੇਸ਼ਨ ਅਤੇ ਫਾਊਂਡੇਸ਼ਨ ਦੇ ਨੁਮਾਇੰਦੇ ਹਾਜ਼ਰ ਸਨ।