ਮੋਗਾ, 25 ਜੂਨ (ਟਿੰਕੂ ਕਾਠਪਾਲ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਨਵ-ਨਿਯੁਕਤ ਰਾਜ ਸਭਾ ਮੈਂਬਰ ਤਰੁਣ ਚੁੱਘ ਦੇ ਮੋਗਾ ਪਹੁੰਚਣ ‘ਤੇ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਆਗੂਆਂ ਵਲੋਂ ਤਰੁਣ ਚੁੱਘ ਨੂੰ ਰਾਜ ਸਭਾ ਮੈਂਬਰ ਬਣਨ ਦੀਆਂ ਵਧਾਈਆਂ ਦਿੱਤੀਆਂ। ਸਵਾਗਤੀ ਸਮਾਗਮ ਦੌਰਾਨ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਅਤੇ ਪੰਜਾਬ ਆਰ.ਟੀ.ਆਈ. ਸੈੱਲ ਦੇ ਵਾਈਸ ਪ੍ਰਧਾਨ ਐਡਵੋਕੇਟ ਅਮਿਤ ਅਗਰਵਾਲ ਨੇ ਵਿਸ਼ੇਸ਼ ਤੌਰ ‘ਤੇ ਤਰੁਣ ਚੁੱਘ ਦਾ ਸਨਮਾਨ ਕੀਤਾ। ਇਸ ਮੌਕੇ ਮੀਟਿੰਗ ਦੌਰਾਨ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ, ਪਾਰਟੀ ਦੀ ਸੰਗਠਨਾਤਮਕ ਮਜ਼ਬੂਤੀ ਅਤੇ ਸਾਲ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਤਰੁਣ ਚੁੱਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਲਗਾਤਾਰ ਆਪਣਾ ਜਨ ਅਧਾਰ ਮਜ਼ਬੂਤ ਕਰ ਰਹੀ ਹੈ ਤੇ ਸੂਬੇ ਦੇ ਲੋਕ ਰਵਾਇਤੀ ਰਾਜਨੀਤਿਕ ਪਾਰਟੀਆਂ ਤੋਂ ਨਿਰਾਸ਼ ਹੋ ਕੇ ਭਾਜਪਾ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨਾਲ ਵੱਡੀ ਗਿਣਤੀ ਵਿਚ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਦੇਸ਼ ਦੇ ਵਿਕਾਸ ਅਤੇ ਲੋਕ ਭਲਾਈ ਲਈ ਕੀਤੇ ਜਾ ਰਹੇ ਇਤਿਹਾਸਕ ਕੰਮਾਂ ਦਾ ਪ੍ਰਭਾਵ ਪੰਜਾਬ ਵਿਚ ਵੀ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ। ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ, ਕਿਸਾਨ, ਵਪਾਰੀ, ਮਹਿਲਾਵਾਂ ਅਤੇ ਸਮਾਜ ਦੇ ਹਰ ਵਰਗ ਦੇ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਅਤੇ ਐਡਵੋਕੇਟ ਅਮਿਤ ਅਗਰਵਾਲ ਨੇ ਕਿਹਾ ਕਿ ਤਰੁਣ ਚੁੱਘ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਣਾ ਪੰਜਾਬ ਲਈ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਤਰੁਣ ਚੁੱਘ ਇਕ ਤਜਰਬੇਕਾਰ, ਦੂਰ-ਅੰਦੇਸ਼ ਅਤੇ ਲੋਕਪ੍ਰੀਯਾ ਆਗੂ ਹਨ, ਜਿਨ੍ਹਾਂ ਨੇ ਹਮੇਸ਼ਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ। ਆਗੂਆਂ ਨੇ ਕਿਹਾ ਕਿ ਤਰੁਣ ਚੁੱਘ ਦੀ ਅਗਵਾਈ ਅਤੇ ਕੇਂਦਰੀ ਲੀਡਰਸ਼ਿਪ ਦੇ ਮਾਰਗ ਦਰਸ਼ਨ ਹੇਠ ਪੰਜਾਬ ਵਿਚ ਭਾਜਪਾ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।