ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ)-ਪਿੰਡ ਕੋਰੇਵਾਲਾ ਵਿਖੇ ਪਿੰਡ ਇਕਾਈ ਦੀ ਨਵੀਂ ਚੋਣ ਕਰਨ ਵਾਸਤੇ ਪਿੰਡ ਦਾ ਇਕੱਠ ਪਿੰਡ ਦੀ ਸੱਥ ਵਿਖੇ ਸੱਦਿਆ ਗਿਆ। ਇਕੱਠ ਵਿਚ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ, ਬਲਾਕ ਮੋਗਾ-2 ਦੇ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਤੇ ਮੀਤ ਪ੍ਰਧਾਨ ਸੁਖਜੀਤ ਸਿੰਘ ਲੰਢੇਕੇ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ। ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਕੇਂਦਰ ਦੀ ਮੋਦੀ ਸਰਕਾਰ ਅਮਰੀਕਾ ਵਲੋਂ ਦੇਸ਼ ‘ਤੇ ਥੋਪੇ ਜਾ ਰਹੇ ਵਪਾਰ ਸਮਝੌਤੇ ਨੂੰ ਮੰਨਣ ਲਈ ਤਿਆਰ ਹੈ। ਜੇਕਰ ਖੇਤੀ ਤੇ ਸਹਾਇਕ ਧੰਦਿਆਂ ਵਿਚ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਦਾ ਹੈ ਤਾਂ ਦੇਸ਼ ਦੇ ਖੇਤੀ ਅਤੇ ਅਨਾਜ ਸੁਰੱਖਿਆ ਦਾਅ ‘ਤੇ ਲੱਗ ਜਾਵੇਗੀ, ਜਿਸ ਤਰ੍ਹਾਂ ਕਪਾਹ ਨੂੰ ਟੈਰਿਫ਼ ਫ਼੍ਰੀ ਕਰ ਕੇ ਕਾਰਪੋਰੇਟ ਘਰਾਨਿਆਂ ਦਾ ਹਿਤ ਪੂਰਿਆ ਗਿਆ ਹੈ। ਇਸ ਨਾਲ ਕਿਸਾਨਾਂ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਵੱਧ ਜਾਣਗੀਆਂ, ਇਹ ਕਦਮ ਵੱਡੀ ਪੱਧਰ ‘ਤੇ ਪੇਂਡੂ ਖੇਤਰ ਨੂੰ ਬੇਰੁਜ਼ਗਾਰੀ ਵੱਲ ਧੱਕੇਗਾ। ਸਮਝੌਤਾ ਲਾਗੂ ਹੋਣ ਨਾਲ ਇਸ ਦਾ ਕਿਸਾਨਾਂ ‘ਤੇ ਬਹੁਤ ਮਾਰੂ ਅਸਰ ਪਵੇਗਾ। ਅਮਰੀਕਾ ਈਰਾਨ ਦੀ ਜੰਗ ਦੇ ਬਹਾਨੇ ਹੇਠ ਸਰਕਾਰ ਨੇ ਡੀਜ਼ਲ ਪੈਟਰੋਲ ਤੇ ਗੈਸ ਦੀਆਂ ਕੀਮਤਾਂ ਕਈ ਵਾਰ ਵਧਾ ਦਿੱਤੀਆਂ ਹਨ। ਇਸ ਕਰ ਕੇ ਕਿਸਾਨਾਂ ਦੀ ਮੰਗ ਹੈ ਕਿ ਅਮਰੀਕਾ ਨਾਲ ਕੀਤਾ ਜਾ ਰਿਹਾ ਵਪਾਰ ਸਮਝੌਤਾ ਰੱਦ ਕੀਤਾ ਜਾਵੇ। ਡੀਜ਼ਲ ਅਤੇ ਗੈਸ ਦੀਆਂ ਵਧਾਈਆਂ ਹੋਈਆਂ ਕੀਮਤਾਂ ਵਾਪਸ ਲਈਆਂ ਜਾਣ, ਲੋਕਾਂ ‘ਤੇ ਟੈਕਸਾਂ ਦਾ ਭਾਰ ਘਟਾਇਆ ਜਾਵੇ। ਈਰਾਨ ਤੇ ਅਮਰੀਕੀ ਸਾਮਰਾਜੀ ਹਮਲੇ ਖ਼ਿਲਾਫ਼ ਅਤੇ ਇਹ ਹਮਲੇ ਕਾਰਨ ਲੋਕਾਂ ‘ਤੇ ਮਹਿੰਗਾਈ ਦੇ ਰੂਪ ਵਿਚ ਪੈ ਰਹੇ ਵੱਡੇ ਭਾਰ ਦੇ ਖ਼ਿਲਾਫ਼ 4 ਜੁਲਾਈ 2026 ਨੂੰ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਦੋਹਾਂ ਹਕੂਮਤਾਂ ਖ਼ਿਲਾਫ਼ ਸੰਘਰਸ਼ ਦੀ ਲਲਕਾਰ ਉੱਚੀ ਕਰਨ ਲਈ ਜੋ ਧਰਨਾ ਤੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਇਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਅਖੀਰ ਵਿਚ ਪਿੰਡ ਦੇ ਕਿਸਾਨਾਂ ਦੀ ਸਹਿਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਕਮੇਟੀ ਦਾ ਪ੍ਰਧਾਨ ਜਗਤਾਰ ਸਿੰਘ, ਮੀਤ ਪ੍ਰਧਾਨ ਨਛੱਤਰ ਸਿੰਘ, ਸਕੱਤਰ ਜਗਰੂਪ ਸਿੰਘ, ਸਹਾਇਕ ਸਕੱਤਰ ਪਰਮਜੀਤ ਸਿੰਘ, ਕੈਸ਼ੀਅਰ ਦਿਆ ਸਿੰਘ, ਸਲਾਹਕਾਰ ਮੈਂਬਰ ਸਤਨਾਮ ਸਿੰਘ, ਜਗਰੂਪ ਸਿੰਘ ਨੰਬਰਦਾਰ, ਜਸਮੇਲ ਸਿੰਘ, ਹਰਦਮ ਸਿੰਘ, ਪ੍ਰਦੀਪ ਸਿੰਘ, ਬਚਿੱਤਰ ਸਿੰਘ, ਕਰਮ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਰਾਜੂ, ਰਾਜਪ੍ਰੀਤ ਸਿੰਘ ਰਾਜੂ, ਜਗਰੂਪ ਸਿੰਘ, ਨਛੱਤਰ ਸਿੰਘ, ਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਨਿਰਭੈ ਸਿੰਘ ਆਦਿ ਸਾਥੀ ਸਲਾਹਕਾਰ ਚੁਣੇ ਗਏ। ਇਸ ਮੀਟਿੰਗ ਵਿਚ ਉਪਰੋਕਤ ਤੋਂ ਬਿਨਾਂ ਹੋਰ ਕਿਸਾਨ ਵੀ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਸਨ।