ਕੋਟ ਈਸੇ ਖਾਂ, 28 ਜੂਨ (ਗੁਰਮੀਤ ਸਿੰਘ ਖ਼ਾਲਸਾ)-ਪੰਜਾਬ ਅੰਦਰ ਪੈਡੀ ਸੀਜ਼ਨ ਜ਼ੋਰਾਂ ‘ਤੇ ਚੱਲ ਰਿਹਾ ਹੈ ਤੇ ਦੂਜੇ ਪਾਸੇ ਦਿਹਾਤੀ ਤੇ ਘਰੇਲੂ ਸਪਲਾਈ ਤੇ ਅਣ-ਐਲਾਨੇ ਪਾਵਰ ਕੱਟ ਲੱਗਣ ਕਾਰਨ ਝੋਨੇ ਦੀ ਫ਼ਸਲ ‘ਚੋਂ ਪਾਣੀ ਸੁੱਕ ਰਿਹਾ ਹੈ, ਜਿਸ ਕਾਰਨ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਵਰਤ ਕੇ ਜਨਰੇਟਰ ਦੁਆਰਾ ਝੋਨੇ ਦੀ ਸੁੱਕਦੀ ਫ਼ਸਲ ਨੂੰ ਸਿੰਚਾਈ ਕਰ ਰਿਹਾ ਤੇ ਕਈ ਥਾਵਾਂ ‘ਤੇ ਮਾੜੀ ਆਰਥਿਕਤਾ ਵਾਲੇ ਕਿਸਾਨ ਝੋਨਾ ਵਾਹੁਣ ਲਈ ਵੀ ਮਜਬੂਰ ਹੋਏ ਹਨ। ਇਹ ਪ੍ਰਗਟਾਵਾ ਕਰਦਿਆਂ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ.ਕੇ.ਯੂ. ਬਹਿਰਾਮ ਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਤੋਤਾ ਸਿੰਘ ਬਹਿਰਾਮ ਕੇ, ਜਗਰੂਪ ਸਿੰਘ ਰੰਡਿਆਲਾ ਜ਼ਿਲ੍ਹਾ ਪ੍ਰਧਾਨ ਮੋਗਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਡੀ ਸੀਜ਼ਨ ਦੌਰਾਨ ਦਿਹਾਤੀ ਸਪਲਾਈ ਦੀ 8 ਘੰਟੇ ਯਕੀਨੀ ਬਣਾਉਣ ਦੀ ਗੱਲ ਕਹੀ ਸੀ ਪਰ ਹੁਣ ਕਿਸਾਨਾਂ ਦਾ ਤਾਂ ਝੋਨਾ ਸੁੱਕ ਰਿਹਾ ਤੇ ਮੁੱਖ ਮੰਤਰੀ ਦਿਹਾਤੀ ਸਪਲਾਈ ਦੇ ਹੱਲ ਦੀ ਗੱਲ ਕਰਨ ਨੂੰ ਤਿਆਰ ਨਹੀ ਦੂਜੇ ਪਾਸੇ ਮੁੱਖ ਮੰਤਰੀ ਮਾਨ ਪਿੰਡਾਂ ਦੀਆਂ ਸੱਥਾਂ ਵਿਚ ਜਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਆਗੂਆਂ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਤਤਕਾਲ ‘ਚ ਲਏ ਗਏ ਫ਼ੈਸਲੇ ਅਨੁਸਾਰ ਕਿ ਜੇਕਰ 29 ਜੂਨ ਤੱਕ ਦਿਹਾਤੀ ਸਪਲਾਈ ਬਹਾਲ ਕਰਕੇ 8 ਘੰਟੇ ਯਕੀਨੀ ਨਾ ਬਣਾਈ ਤਾਂ ਪੰਜਾਬ ਦੇ ਸਾਰੇ ਐਕਸੀਅਨ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ ਤੇ ਉਨ੍ਹਾਂ ਸਮਾਂ ਘਿਰਾਓ ਜਾਰੀ ਰੱਖਾਂਗੇ, ਜਿਨ੍ਹਾਂ ਸਮਾਂ ਦਿਹਾਤੀ ਸਪਲਾਈ ਬਹਾਲ ਨਹੀ ਹੁੰਦੀ। ਬਹਿਰਾਮ ਕੇ ਨੇ ਕਿਹਾ ਕਿ ਜਥੇਬੰਦੀ ਦੀ ਐਮਰਜੈਂਸੀ ਮੀਟਿੰਗ ਬੁਲਾ ਕਿ ਮਤਾ ਪਾਸ ਕੀਤਾ ਗਿਆ, ਜਿਸ ਅਨੁਸਾਰ ਅਲੱਗ-ਅਲੱਗ ਜ਼ਿਲ੍ਹਾ ਪ੍ਰਧਾਨਾ, ਬਲਾਕ ਪ੍ਰਧਾਨ, ਇਕਾਈਆਂ ਦੇ ਪ੍ਰਧਾਨ ਤੇ ਵਰਕਰ ਪਿੰਡਾਂ ‘ਚ ਕਿਸਾਨਾਂ ਨੂੰ ਲਾਮਬੰਦ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਮਜ਼ਦੂਰ ਪੰਜਾਬ ਦੇ ਸਮੂਹ ਐਕਸੀਅਨ ਦਫ਼ਤਰਾਂ ਦਾ ਘਿਰਾਓ ਕਰਨਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕਰਦਿਆਂ ਕਿਹਾ ਕਿ ਦਿਹਾਤੀ ਸਪਲਾਈ ਬਹਾਲ ਕਰਕੇ 8 ਘੰਟੇ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨ ਆਪਣੀ ਝੋਨੇ ਦੀ ਫ਼ਸਲ ਦਾ ਪਾਲਣ ਪੋਸ਼ਣ ਢੁਕਵੇਂ ਸਮੇਂ ‘ਚ ਕਰ ਸਕਣ। ਇਸ ਮੌਕੇ ਸੇਵਾ ਸਿੰਘ ਧਰਮਕੋਟ, ਗੁਰਜਿੰਦਰ ਸਿੰਘ ਸੋਨੂੰ ਤੇ ਹੋਰ ਆਗੂ ਹਾਜ਼ਰ ਸਨ।