ਮੋਗਾ, 30 ਜੂਨ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਆਗੂਆਂ ਨੇ ਕਿਹਾ ਕਿ ਪਿੰਡਾਂ ਵਿਚ ਝੋਨੇ ਦੀ ਲਵਾਈ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ, ਪ੍ਰੰਤੂ ਜੋ ਬਿਜਲੀ ਦੀ ਹਾਲਤ ਹੈ ਉਹ ਕਦੇ ਚਾਰ ਘੰਟੇ ਕਦੇ ਪੰਜ ਘੰਟੇ ਕਦੇ ਛੇ ਘੰਟੇ ਸਪਲਾਈ ਆ ਰਹੀ ਹੈ, ਜਦੋਂ ਬਿਜਲੀ ਆਉਂਦੀ ਹੈ ਤਾਂ ਉਸ ਵਿਚ ਵੀ ਕੱਟ ਲੱਗ ਜਾਂਦੇ ਹਨ। ਅੱਜ ਜਦੋਂ ਕਿਸਾਨਾਂ ਨੂੰ ਬਿਜਲੀ ਦੀ ਬਹੁਤ ਲੋੜ ਹੈ ਤਾਂ ਉਦੋਂ ਬਿਜਲੀ ਪੂਰੀ ਨਹੀਂ ਮਿਲ ਰਹੀ ਬਿਜਲੀ ਦੇ ਕੱਟ ਲੱਗ ਰਹੇ ਹਨ ਜਿਸ ਕਰਕੇ ਕਿਸਾਨਾਂ ਦਾ ਝੋਨਾ ਸੁੱਕ ਰਿਹਾ ਹੈ, ਕਿਸਾਨ ਝੋਨਾ ਵਾਹੁਣ ਲਈ ਮਜਬੂਰ ਹੋ ਰਿਹਾ ਹੈ, ਜਿੰਨਾ ਕਿਸਾਨਾਂ ਨੇ ਖੇਤਾਂ ਵਿਚ ਕੰਮ ਕਰਨਾ ਹੁੰਦਾ ਹੈ ਉਹ ਕਿਸਾਨ ਅੱਜ ਸੜਕਾਂ ‘ਤੇ ਗਰਿੱਡਾਂ ਦੇ ਮੂਹਰੇ ਤੇ ਬਿਜਲੀ ਦਫ਼ਤਰਾਂ ਅੱਗੇ ਧਰਨਿਆਂ ‘ਤੇ ਬੈਠੇ ਹਨ ਇਹ ਧਰਨੇ ਥਾਂ-ਥਾਂ ਤੇ ਕਦੇ ਚੜਿੱਕ ਬਿਜਲੀ ਘਰ ਮੂਹਰੇ ਕਦੇ ਸਿੰਘਾਂ ਵਾਲਾ 200 ਕੇ.ਵੀ. ਗਰਿੱਡ ਮੂਹਰੇ ਗੱਲ ਕੀ ਪੰਜਾਬ ਵਿਚ ਥਾਂ ਥਾਂ ਗਰਿੱਡਾਂ ਮੂਹਰੇ ਕਿਸਾਨਾਂ ਵਲੋਂ ਧਰਨੇ ਲਾਏ ਜਾ ਰਹੇ ਹਨ। ਸਰਕਾਰ ਗੂੜੀ ਨੀਂਦ ਸੁੱਤੀ ਪਈ ਹੈ ਭਗਵੰਤ ਮਾਨ ਰੈਲੀਆਂ ਕਰਕੇ ਕਹਿ ਰਿਹਾ ਹੈ ਕਿ ਅੱਠ ਘੰਟੇ ਪੂਰੀ ਬਿਜਲੀ ਦਿਨ ਸਮੇਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਜੋ ਮੌਜੂਦਾ ਹਾਲਤ ਹੈ ਕਿਸਾਨ ਬਿਜਲੀ ਦੀ ਝਾਕ ਵਿਚ ਨਾ ਤਾਂ ਦਿਨੇ ਟਿਕਦਾ ਹੈ ਅਤੇ ਨਾ ਹੀ ਰਾਤ ਨੂੰ ਟਿਕਦਾ ਹੈ, ਜਦੋਂ ਕਿਸਾਨ ਇਕੱਠੇ ਹੋ ਕੇ ਗਰਿੱਡਾਂ ਜਾਂ ਬਿਜਲੀ ਦਫ਼ਤਰਾਂ ਮੂਹਰੇ ਧਰਨੇ ਲਾਉਂਦੇ ਹਨ ਤਾਂ ਅਧਿਕਾਰੀ ਸਾਫ਼ ਕਹਿ ਦਿੰਦੇ ਹਨ ਕਿ ਬਿਜਲੀ ਦਾ ਮੈਸੇਜ ਪਟਿਆਲੇ ਤੋਂ ਆਉਂਦਾ ਹੈ, ਜਿੱਥੇ ਬਿਜਲੀ ਲਾਈਨਾਂ ਅਤੇ ਥਰਮਲਾਂ ਵਿਚ ਨੁਕਸ ਪੈਣ ਕਰਕੇ ਬਿਜਲੀ ਸਪਲਾਈ ‘ਤੇ ਅਸਰ ਪੈਂਦਾ ਹੈ, ਉੱਥੇ ਹੀ ਦੂਸਰੇ ਤਰਫ ਤਿੰਨ ਸਰਕਾਰੀ ਤਾਪ ਬਿਜਲੀ ਘਰਾਂ ਦੇ ਠੇਕਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਲਗਭਗ ਦੋ ਹਫ਼ਤਿਆਂ ਤੋਂ ਹੜਤਾਲ ‘ਤੇ ਹਨ ਜਿਸ ਕਰਕੇ ਸਰਕਾਰੀ ਥਰਮਲਾਂ ਦੀ ਪੈਦਾਵਾਰ ਤੇ ਵੀ ਅਸਰ ਪੈਣਾ ਲਾਜ਼ਮੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਕਿ ਉਹ ਥਰਮਲਾਂ ਵਿਚ ਮੁੜ ਕੰਮ ‘ਤੇ ਆ ਸਕਣ। ਜੇਕਰ ਬਿਜਲੀ ਸਪਲਾਈ ਵਿਚ ਜਲਦੀ ਸੁਧਾਰ ਨਾ ਹੋਇਆ ਤਾਂ ਇਸ ਦਾ ਝੋਨੇ ਦੀ ਪੈਦਾਵਾਰ ਤੇ ਬਹੁਤ ਮਾੜਾ ਅਸਰ ਪਵੇਗਾ ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਹੋ ਜਾਵੇਗੀ। ਜੇਕਰ ਬਿਜਲੀ ਦੀ ਸਪਲਾਈ ਵਿਚ ਸੁਧਾਰ ਨਾ ਹੋਇਆ ਤਾਂ ਸਾਡੀ ਜਥੇਬੰਦੀ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਗਰਿੱਡਾਂ ਦੇ ਘਿਰਾਓ ਕੀਤੇ ਜਾਣਗੇ। ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਬਿਜਲੀ ਬੋਰਡ ਦੀ ਮੈਨੇਜਮੈਂਟ ਵੀ ਦਿਸ਼ਾਹੀਣ ਹੋ ਗਈ ਹੈ। ਮੀਟਿੰਗ ਵਿਚ ਉਪਰੋਕਤ ਤੋਂ ਬਿਨਾਂ ਗੁਰਮੀਤ ਸਿੰਘ ਕਿਸ਼ਨਪੁਰਾ, ਬਲੌਰ ਸਿੰਘ ਘੱਲ ਕਲਾਂ, ਕੁਲਦੀਪ ਕੌਰ ਕੁੱਸਾ, ਕੇਵਲ ਸਿੰਘ ਬੱਧਨੀ, ਬੂਟਾ ਸਿੰਘ ਭਾਗੀਕੇ, ਅਮਰੀਕ ਸਿੰਘ ਘੋਲੀਆ, ਹਰਮੇਲ ਸਿੰਘ ਘਾਲੀ, ਸੁਖਵਿੰਦਰ ਸਿੰਘ ਲੰਗੇਆਣਾ, ਗੁਰਦੇਵ ਸਿੰਘ ਕਿਸ਼ਨਪੁਰਾ ਆਦਿ ਹਾਜ਼ਰ ਸਨ।