ਬੱਧਨੀ ਕਲਾਂ, 3 ਜੁਲਾਈ (ਸੰਜੀਵ ਕੋਛੜ)-ਸਬ ਡਵੀਜ਼ਨ ਬੱਧਨੀ ਕਲਾਂ ਦੇ ਐਸ.ਡੀ.ਓ. ਇੰਜ: ਜਗਰੂਪ ਸਿੰਘ ਦੀ ਬਦਲੀ ਦੇ ਵਿਰੋਧ ਵਿਚ ਸਮੂਹ ਬਿਜਲੀ ਕਾਮਿਆਂ ਦਾ ਸੰਘਰਸ਼ ਲਗਾਤਾਰ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਸੰਘਰਸ਼ ਦੇ ਅਗਲੇ ਪੜਾਅ ਤਹਿਤ ਅੱਜ ਸਬ ਡਵੀਜ਼ਨ ਦਫ਼ਤਰ ਵਿਖੇ ਭਰਵੀਂ ਰੋਸ ਰੈਲੀ ਕਰਨ ਉਪਰੰਤ ਬਿਜਲੀ ਕਾਮਿਆਂ, ਕਿਸਾਨ ਜਥੇਬੰਦੀਆਂ, ਠੇਕਾ ਮੁਲਾਜ਼ਮਾਂ ਅਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬੱਧਨੀ ਕਲਾਂ ਦੇ ਮੁੱਖ ਬਾਜ਼ਾਰਾਂ ਵਿਚ ਵਿਸਾਲ ਰੋਸ ਮਾਰਚ ਕੱਢ ਕੇ ਬਦਲੀ ਦੇ ਹੁਕਮ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਡਵੀਜ਼ਨ ਪ੍ਰਧਾਨ ਸਾਥੀ ਗੁਰਮੀਤ ਸਿੰਘ, ਡਵੀਜ਼ਨ ਸਕੱਤਰ ਕੰਵਲਜੀਤ ਸਿੰਘ, ਸਾਬਕਾ ਆਗੂ ਲਾਲ ਸਿੰਘ, ਪ੍ਰਧਾਨ ਗੁਰਤੇਜ ਸਿੰਘ ਨੱਥੂਵਾਲਾ, ਪ੍ਰਧਾਨ ਜਗਰੂਪ ਸਿੰਘ ਅਜੀਤਵਾਲ, ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬੇਅੰਤ ਸਿੰਘ, ਸਿਟੀ ਡਵੀਜ਼ਨ ਪ੍ਰਧਾਨ ਮਨਜੋਤ ਸਿੰਘ, ਜੋਨ ਸਕੱਤਰ ਬਲਵਿੰਦਰ ਸਿੰਘ, ਸਾਬਕਾ ਆਗੂ ਗੁਰਚਰਨ ਸਿੰਘ, ਫੈਡਰੇਸ਼ਨ ਦੇ ਜੋਨ ਆਗੂ ਗੁਰਚਰਨ ਸਿੰਘ ਬੁੱਟਰ, ਕਿਸਾਨ ਆਗੂ ਟਹਿਲ ਸਿੰਘ ਝੰਡੇਆਣਾ, ਕਿਰਤੀ ਕਿਸਾਨ ਯੂਨੀਅਨ ਦੇ ਲਖਵੀਰ ਸਿੰਘ, ਠੇਕਾ ਮੁਲਾਜ਼ਮ ਤਾਲਮੇਲ ਕਮੇਟੀ ਦੇ ਬਲਵਿੰਦਰ ਸਿੰਘ, ਸਾਬਕਾ ਸਬ ਡਵੀਜ਼ਨ ਪ੍ਰਧਾਨ ਬੰਤਾ ਸਿੰਘ, ਪ੍ਰਧਾਨ ਗੁਰਦੀਪ ਸਿੰਘ, ਬਲਜੀਤ ਸਿੰਘ, ਰਵਿੰਦਰ ਕੁਮਾਰ ਅਤੇ ਸੁਖਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੰਜ. ਜਗਰੂਪ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਇਮਾਨਦਾਰੀ, ਨਿਰਪੱਖਤਾ ਅਤੇ ਸਮਰਪਣ ਨਾਲ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਦੀ ਬਦਲੀ ਨਾਲ ਕਰਮਚਾਰੀਆਂ ਵਿਚ ਭਾਰੀ ਰੋਸ ਹੈ ਅਤੇ ਇਸ ਫ਼ੈਸਲੇ ਦੀ ਤੁਰੰਤ ਸਮੀਖਿਆ ਕਰਕੇ ਬਦਲੀ ਦੇ ਹੁਕਮ ਰੱਦ ਕੀਤੇ ਜਾਣ। ਬੁਲਾਰਿਆਂ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਪ੍ਰਸ਼ਾਸਨਿਕ ਮਾਮਲਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਬਾਦਲੇ ਅਤੇ ਹੋਰ ਪ੍ਰਸ਼ਾਸਨਿਕ ਫ਼ੈਸਲੇ ਸਿਰਫ਼ ਵਿਭਾਗੀ ਨਿਯਮਾਂ ਅਤੇ ਪਾਰਦਰਸ਼ੀ ਪ੍ਰਕਿਰਿਆ ਅਨੁਸਾਰ ਹੀ ਹੋਣੇ ਚਾਹੀਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਅਣ ਦੇਖਿਆ ਕੀਤਾ ਗਿਆ ਤਾਂ ਸੰਘਰਸ਼ ਨੂੰ ਸਬ ਡਵੀਜ਼ਨ ਤੱਕ ਸੀਮਤ ਨਹੀਂ ਰੱਖਿਆ ਜਾਵੇਗਾ, ਸਗੋਂ ਪੂਰੇ ਡਵੀਜ਼ਨ ਪੱਧਰ ‘ਤੇ ਹੋਰ ਵੀ ਤਿੱਖਾ ਕੀਤਾ ਜਾਵੇਗਾ। ਦਫ਼ਤਰ ਵਿਚ ਰੋਸ ਰੈਲੀ ਤੋਂ ਬਾਅਦ ਕੱਢੇ ਗਏ ਵਿਸ਼ਾਲ ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਜੰਮ ਕੇ ਨਾਅਰੇਬਾਜ਼ੀ ਕੀਤੀ। ਰੋਸ ਮਾਰਚ ਵਿਚ ਵੱਡੀ ਗਿਣਤੀ ਵਿਚ ਬਿਜਲੀ ਕਾਮਿਆਂ, ਕਿਸਾਨ ਆਗੂਆਂ, ਠੇਕਾ ਮੁਲਾਜ਼ਮਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਸ਼ਮੂਲੀਅਤ ਕਰਕੇ ਸੰਘਰਸ਼ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।