ਮੋਗਾ, 3 ਜੁਲਾਈ (ਸੁਰਿੰਦਰਪਾਲ ਸਿੰਘ)-ਪੰਜਾਬ ਅੰਦਰ ਜਦੋਂ ਤੋਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਇਸ ਵਲੋਂ ਹਰ ਵਿਸ਼ੇ ‘ਤੇ ਘੱਟ ਗਿਣਤੀਆਂ, ਅਨੁਸੂਚਿਤ ਜਾਤੀਆਂ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਨਾਲ ਹਰ ਫ਼ਰੰਟ ‘ਤੇ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦਾ ਖ਼ਮਿਆਜ਼ਾ ਇਸ ਵਰਗ ਨੂੰ ਬਹੁਤ ਵੱਡੇ ਪੱਧਰ ‘ਤੇ ਨੁਕਸਾਨ ਉਠਾ ਕੇ ਝੱਲਣਾ ਪੈ ਰਿਹਾ ਹੈ। ਇਸ ਵਿਚ ਨੀਤੀਗਤ ਫ਼ੈਸਲੇ, ਪ੍ਰਸ਼ਾਸਨਿਕ ਜ਼ਿਆਦਤੀਆਂ, ਸੰਵਿਧਾਨਕ ਹੱਕਾਂ ਨੂੰ ਅੱਖੋਂ-ਪਰੋਖੇ ਕਰਨਾ ਅਤੇ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਦੀ ਨੀਤੀ ਨਾਲ ਹਰ ਪੱਧਰ ‘ਤੇ ਖਿਲਵਾੜ ਕਰ ਕੇ ਪ੍ਰਤੀਨਿਧਤਾ ਨੂੰ ਬੇਅਸਰ ਕਰਨ ਵਰਗੇ ਹੱਥਕੰਡੇ ਅਪਣਾਏ ਜਾ ਰਹੇ ਹਨ। ਇਨ੍ਹਾਂ ਮਸਲਿਆਂ ਨੂੰ ਪਹਿਲਾਂ ਵੀ ਬਹੁਜਨ ਸਮਾਜ ਪਾਰਟੀ ਵਲੋਂ ਵੱਖ-ਵੱਖ ਸਮਿਆਂ ‘ਤੇ ਤੱਥਾਂ ਸਹਿਤ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ। ਹੁਣ ਫਿਰ ਪੰਜਾਬ ਸਰਕਾਰ ਦੇ ਸਿੱਖਿਆ ਡਾਇਰੈਕਟੋਰੇਟ ਵਲੋਂ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਲੈਕਚਰਾਰਾਂ ਦੀਆਂ ਲਗ-ਪਗ 1000 ਦੇ ਕਰੀਬ ਅਸਾਮੀਆਂ ਬੜੇ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਵਿਭਾਗ ਵਲੋਂ ਇਸ਼ਤਿਹਾਰ ਰਾਹੀਂ ਪੰਜਾਬੀ, ਇਤਿਹਾਸ, ਰਾਜਨੀਤੀ ਸ਼ਾਸਤਰ, ਗਣਿਤ, ਅਰਥ ਸ਼ਾਸਤਰ, ਕਾਮਰਸ, ਜੀਵ ਵਿਗਿਆਨ, ਰਸਾਇਣ ਵਿਗਿਆਨ, ਭੌਤਿਕ ਵਿਗਿਆਨ ਅਤੇ ਭੂਗੋਲ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਭਰਤੀ ਇਸ਼ਤਿਹਾਰਾਂ ਨੂੰ ਸਰਸਰੀ ਦੇਖਣ ਤੋਂ ਸਾਹਮਣੇ ਆਇਆ ਹੈ ਕਿ ਇਨ੍ਹਾਂ ਅਸਾਮੀਆਂ ਦੇ ਇਸ਼ਤਿਹਾਰਾਂ ਵਿਚ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਲੋੜੀਂਦੀਆਂ ਅਸਾਮੀਆਂ ਹੀ ਰਾਖਵੀਆਂ ਨਹੀਂ ਰੱਖੀਆਂ ਗਈਆਂ ਹਨ। ਸਰਕਾਰੀ ਤੌਰ ‘ਤੇ ਨੌਕਰੀਆਂ ਵਿਚ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਲਈ ਸੰਵਿਧਾਨਕ ਤੌਰ ‘ਤੇ ਇਹ ਹੱਕ ਪ੍ਰਦਾਨ ਕੀਤਾ ਹੋਇਆ ਹੈ। ਇਸ ਲਈ ਇਨ੍ਹਾਂ ਸ਼੍ਰੇਣੀਆਂ ਨੂੰ ਬਾਹਰ ਰੱਖਣਾ ਸੰਵਿਧਾਨਕ ਤੌਰ ‘ਤੇ ਰਿਜ਼ਰਵੇਸ਼ਨ ਨੀਤੀ ਅਤੇ ਸੂਬੇ ਦੇ ਕਾਨੂੰਨੀ ਨਿਯਮਾਂ ਦੀ ਘੋਰ ਉਲੰਘਣਾ ਹੈ। ਮੌਜੂਦਾ ਇਸ਼ਤਿਹਾਰਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਕਰਵਾਇਆ ਜਾਵੇ ਜਾਂ ਇਨ੍ਹਾਂ ‘ਤੇ ਲੋੜੀਂਦੀ ਰੋਕ ਲਗਵਾਈ ਜਾਵੇ। ਪੰਜਾਬ ਅੰਦਰ ਰਿਜ਼ਰਵੇਸ਼ਨ ਨੀਤੀ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਰੋਸਟਰ ਪੁਆਇੰਟਾਂ ਦੀ ਮੁੜ ਗਿਣਤੀ ਕਰਵਾਈ ਜਾਵੇ। ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਨਿਯਮਾਂ ਅਨੁਸਾਰ ਸੀਟਾਂ ਰਾਖਵੀਆਂ ਰੱਖ ਕੇ ਨਵੇਂ ਸੋਧੇ ਹੋਏ ਭਰਤੀ ਇਸ਼ਤਿਹਾਰ ਜਾਰੀ ਕਰਵਾਏ ਜਾਣ। ਇਨ੍ਹਾਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸੂਬਾ ਜਰਨਲ ਸਕੱਤਰ ਸੰਤ ਰਾਮ ਮੱਲੀਆਂ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਚੜਿੱਕ, ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸਹੋਤਾ, ਜ਼ਿਲ੍ਹਾ ਮੀਡੀਆ ਇੰਚਾਰਜ ਜਸਵੰਤ ਸਿੰਘ ਘਾਲੀ, ਹਲਕਾ ਇੰਚਾਰਜ ਜਗਤਾਰ ਸਿੰਘ ਲੌਂਗੀਵਿੰਡ, ਹਲਕਾ ਇੰਚਾਰਜ ਬਲਵਿੰਦਰ ਸਿੰਘ ਅਟਵਾਲ, ਹਲਕਾ ਇੰਚਾਰਜ ਕੇਵਲ ਸਿੰਘ ਸੈਦੋਕੇ, ਹਲਕਾ ਪ੍ਰਧਾਨ ਦੇਵ ਸਿੰਘ ਘਾਲੀ, ਪ੍ਰਧਾਨ ਪਿਰਥੀ ਸਿੰਘ ਰੌਲੀ, ਹਲਕਾ ਪ੍ਰਧਾਨ ਭਰਪੂਰ ਸਿੰਘ ਖੋਟੇ, ਸਾਬਕਾ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਸੇਖਾ, ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਕੁਲਵਿੰਦਰ ਕੌਰ ਚੀਮਾ ਆਦਿ ਹਾਜ਼ਰ ਸਨ।