ਮੋਗਾ, 8 ਜੁਲਾਈ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਮੋਗਾ ਪੁਲਿਸ ਵਲੋਂ ਪ੍ਰਹਾਰ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਥਾਣਾ ਕੋਟ ਈਸੇ ਖਾਂ ਪੁਲਿਸ ਨੇ ਦੋ ਨੌਜਵਾਨਾਂ ਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਬਰਾੜ ਡੀ.ਐਸ.ਪੀ. ਧਰਮਕੋਟ ਦੀ ਅਗਵਾਈ ਹੇਠ ਥਾਣਾ ਕੋਟ ਈਸੇ ਖਾਂ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਨੀਤਾ ਰਾਣੀ ਜਦ ਪੁਲਿਸ ਪਾਰਟੀ ਨਾਲ ਗਸ਼ਤ ਲਗਾ ਰਹੇ ਸਨ ਤਾਂ ਭਰੋਸੇਯੋਗ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕਰਦਿਆਂ ਦਾਣਾ ਮੰਡੀ ਪਿੰਡ ਮੰਦਰ ਵਿਖੇ ਸਾਵਣ ਮਸੀਹ ਉਰਫ਼ ਗੈਰੀ ਵਾਸੀ ਚੁਰਾ ਨੇੜੇ ਅਟਾਰੀ ਜ਼ਿਲ੍ਹਾ ਅੰਮ੍ਰਿਤਸਰ ਅਤੇ ਅਰਜੁਨ ਉਰਫ਼ ਡੱਡੋ ਵਾਸੀ ਅਟਾਰੀ ਜ਼ਿਲ੍ਹਾ ਅੰਮ੍ਰਿਤਸਰ ਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਅਤੇ ਉਨ੍ਹਾਂ ਖ਼ਿਲਾਫ਼ ਥਾਣਾ ਕੋਟ ਈਸੇ ਖਾਂ ਵਿਖੇ ਅੰਡਰ ਸੈਕਸ਼ਨ 21-61-85 ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ ਕਿ ਆਖ਼ਰ ਉਨ੍ਹਾਂ ਦੇ ਹੋਰ ਕਿਹੜੇ ਨਸਾ ਸਮਗਲਰਾਂ ਨਾਲ ਸਬੰਧ ਹਨ।