ਕੋਟ ਈਸੇ ਖਾਂ, 9 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਇਲਾਕੇ ਦੇ ਸਮਾਜ ਸੇਵੀ ਆਗੂ ਗੁਰਵੰਤ ਸਿੰਘ ਵਿਰਕ ਸੰਚਾਲਕ ਗੁਰੂ ਨਾਨਕ ਕੰਪਿਊਟਰ ਅਕੈਡਮੀ ਵਾਲਿਆਂ ਵਲੋਂ ਸਮੇਂ-ਸਮੇਂ ‘ਤੇ ਲੋੜਵੰਦ ਵਿਦਿਆਰਥੀਆਂ ਦੀ ਕੀਤੀ ਜਾਂਦੀ ਸਹਾਇਤਾ ਦੇ ਤਹਿਤ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋੜਵੰਦ ਵਿਦਿਆਰਥਣਾਂ ਨੂੰ ਵਰਦੀਆਂ ਦੀ ਵੰਡ ਕੀਤੀ ਗਈ। ਇਸ ਮੌਕੇ ਸਕੂਲ ਦੀ ਸਵੇਰ ਸਮੇਂ ਦੀ ਪ੍ਰਾਰਥਨਾ ਸਭਾ ਸਮੇਂ ਹੋਏ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਸ਼ਹਿਰ ਦੇ ਸਮਾਜ ਸੇਵੀ ਵਿਜੇ ਕੁਮਾਰ ਧੀਰ, ਸਟੇਟ ਅਵਾਰਡੀ ਮਾਸਟਰ ਸਵਰਨਜੀਤ ਸਿੰਘ ਸੱਗੂ ਤੇ ਹੋਰ ਨਾਮਵਰ ਆਗੂ ਵੀ ਸ਼ਾਮਿਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਕਈ ਉਹ ਵਿਦਿਆਰਥੀ ਜੋ ਪੜ੍ਹਨ ਵਿਚ ਕਾਫ਼ੀ ਹੁਸ਼ਿਆਰ ਹੁੰਦੇ ਹਨ ਪਰ ਘਰ ਦੇ ਮਾੜੇ ਆਰਥਿਕ ਹਾਲਾਤਾਂ ਕਰ ਕੇ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਲਈ ਕਿਸੇ ਨਾ ਕਿਸੇ ਰੂਪ ਵਿਚ ਸਹਾਇਤਾ ਪ੍ਰਦਾਨ ਕਰਨੀ ਇਕ ਵਧੀਆ ਸਮਾਜ ਸੇਵਾ ਹੈ ਜਿਸ ਲਈ ਗੁਰਵੰਤ ਸਿੰਘ ਵਿਰਕ ਵਰਗੇ ਲੋਕ ਇਨ੍ਹਾਂ ਨੇਕ ਕਾਰਜਾਂ ਲਈ ਵਧਾਈ ਦੇ ਪਾਤਰ ਹਨ। ਇਸ ਮੌਕੇ ਗੁਰਵੰਤ ਸਿੰਘ ਵਿਰਕ ਨੇ ਕਿਹਾ ਕਿ ਸਮਾਜ ਸੇਵੀ ਤੇ ਚੰਗੇ ਅਕਸ ਵਾਲੇ ਲੋਕਾਂ ਦੇ ਮਿਲਵਰਤਨ ਨਾਲ ਉਨ੍ਹਾਂ ਨੂੰ ਸਮਾਜ ਵਿਚ ਇਸ ਤਰ੍ਹਾਂ ਦੇ ਚੰਗੇ ਕਾਰਜਾਂ ਲਈ ਪ੍ਰੇਰਨਾ ਮਿਲਦੀ ਰਹਿੰਦੀ ਹੈ ਤੇ ਸਾਨੂੰ ਸਾਰਿਆਂ ਨੂੰ ਸਮਾਜ ਅੰਦਰ ਕਿਸੇ ਵੀ ਖੇਤਰ ‘ਚ ਲੋੜਵੰਦਾਂ ਲਈ ਚੰਗੇ ਕਾਰਜ ਤੇ ਹੋਰ ਲੋੜੀਂਦੇ ਸਮਾਜਿਕ ਕੰਮਾਂ ਲਈ ਰਲ ਕੇ ਯਤਨ ਵਧਾਉਣੇ ਚਾਹੀਦੇ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਨੀਲਮ ਗੁਪਤਾ ਨੇ ਵੀ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ। ਇਸ ਮੌਕੇ ਲੈਕਚਰਾਰ ਸੁਖਦੇਵ ਸਿੰਘ ਸਟੇਜ ਸਕੱਤਰ, ਮਾਸਟਰਦੀਪ ਸਿੰਘ, ਮਾਸਟਰ ਸੁਖਦੇਵ ਸਿੰਘ, ਰਣਜੀਤ ਸਿੰਘ ਖ਼ਾਲਸਾ, ਮਾਸਟਰ ਸੁਖਦੇਵ ਸਿੰਘ ਜਾਨੀਆ, ਮਨਿੰਦਰ ਸਿੰਘ ਜਾਨੀਆ ਆਪ ਆਗੂ, ਮੈਡਮ ਰਜਿੰਦਰ ਕੌਰ, ਮੈਡਮ ਨੀਲਮ ਰਾਣੀ, ਲੈਕਚਰਾਰ ਸੁਮਨ ਰਾਣੀ ਆਦਿ ਹਾਜ਼ਰ ਸਨ।