ਮੋਗਾ, 15 ਜੁਲਾਈ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਦਿ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ.ਐਲ.ਐਫ.) ਮੋਗਾ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪ੍ਰਵੀਨ ਗਰਗ, ਚੇਅਰਮੈਨ ਇੰਜ: ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਦਿਆਰਥੀਆਂ ਦੀ ਬਿਹਤਰ ਸਿਹਤ ਅਤੇ ਮੌਖਿਕ ਸਫ਼ਾਈ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਇਕ ਵਿਸ਼ਾਲ ਡੈਂਟਲ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦਾ ਮੁੱਖ ਮਕਸਦ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਦੰਦਾਂ ਦੀ ਸਹੀ ਦੇਖਭਾਲ, ਮੌਖਿਕ ਸਫ਼ਾਈ ਅਤੇ ਨਿਯਮਿਤ ਦੰਦਾਂ ਦੀ ਜਾਂਚ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਪ੍ਰਸਿੱਧ ਦੰਦਾਂ ਦੇ ਮਾਹਿਰ ਡਾ. ਈਸ਼ਾਨ ਗੋਇਲ (ਬੀ.ਡੀ.ਐਸ., ਐਮ.ਡੀ.ਐਸ. ਓਆਰਥੋਡਾਂਟਿਕਸ) ਅਤੇ ਡਾ. ਰਜਨੀ ਗੋਇਲ (ਬੀ.ਡੀ.ਐਸ.) ਨੇ ਵਿਦਿਆਰਥੀਆਂ ਦੇ ਦੰਦਾਂ ਦੀ ਵਿਸਤਰਿਤ ਜਾਂਚ ਕੀਤੀ। ਉਨ੍ਹਾਂ ਦੰਦਾਂ ਅਤੇ ਮਸੂੜ੍ਹਿਆਂ ਨਾਲ ਸਬੰਧਿਤ ਸਮੱਸਿਆਵਾਂ ਦੀ ਪਛਾਣ ਕਰਦੇ ਹੋਏ ਵਿਦਿਆਰਥੀਆਂ ਨੂੰ ਸਹੀ ਤਰੀਕੇ ਨਾਲ ਬੁਰਸ਼ ਕਰਨ, ਸੰਤੁਲਿਤ ਅਤੇ ਪੌਸ਼ਟਿਕ ਖ਼ੁਰਾਕ ਅਪਣਾਉਣ ਅਤੇ ਨਿਯਮਿਤ ਦੰਦਾਂ ਦੀ ਜਾਂਚ ਕਰਵਾਉਣ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜ: ਜਨੇਸ਼ ਗਰਗ, ਡਾਇਰੈਕਟਰ ਡਾ. ਮੁਸਕਾਨ ਗਰਗ, ਪ੍ਰਿੰਸੀਪਲ ਨੀਤੂ ਡਾਂਡੀ, ਡੀਨ ਅਕਾਦਮਿਕ ਰਵਿੰਦਰ ਕੌਰ ਅਤੇ ਹੈੱਡ ਮਿਸਟ੍ਰੈੱਸ ਸੋਨੀਆ ਸਚਦੇਵਾ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੰਦਰੁਸਤ ਦੰਦ ਬੱਚਿਆਂ ਦੇ ਸਮੁੱਚੇ ਸਰੀਰਕ ਵਿਕਾਸ, ਆਤਮ-ਵਿਸ਼ਵਾਸ ਅਤੇ ਵਿੱਦਿਅਕ ਪ੍ਰਗਤੀ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਵੀ ਸਭ ਤੋਂ ਵੱਧ ਤਰਜੀਹ ਦਿੰਦਾ ਹੈ। ਵਿਦਿਆਰਥੀਆਂ ਨੇ ਕੈਂਪ ਵਿਚ ਉਤਸ਼ਾਹ ਨਾਲ ਭਾਗ ਲੈਂਦਿਆਂ ਮਾਹਿਰਾਂ ਤੋਂ ਮੌਖਿਕ ਸਫ਼ਾਈ ਸਬੰਧੀ ਲਾਭਦਾਇਕ ਜਾਣਕਾਰੀ ਪ੍ਰਾਪਤ ਕੀਤੀ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਭਵਿੱਖ ਵਿਚ ਵੀ ਵਿਦਿਆਰਥੀਆਂ ਦੀ ਸਮੁੱਚੀ ਸਿਹਤ ਅਤੇ ਭਲਾਈ ਲਈ ਅਜਿਹੇ ਜਾਗਰੂਕਤਾ ਪ੍ਰੋਗਰਾਮ ਨਿਯਮਿਤ ਤੌਰ ‘ਤੇ ਕਰਵਾਏ ਜਾਂਦੇ ਰਹਿਣਗੇ।