ਮੋਗਾ, 25 ਜੁਲਾਈ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਗਾ ਵਲੋਂ 18 ਜੁਲਾਈ ਤੋਂ ਲੈ ਕੇ 24 ਜੁਲਾਈ ਤੱਕ ਕੀਤੀ ਕਾਰਗੁਜ਼ਾਰੀ ਦੌਰਾਨ 27 ਮੁਕੱਦਮੇ ਦਰਜ ਕਰਕੇ 57 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਐਨ. ਡੀ. ਪੀ. ਐਸ. ਐਕਟ ਤਹਿਤ 23 ਮੁਕੱਦਮੇ ਦਰਜ ਕਰਕੇ 32 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਪਾਸੋਂ 506 ਗਰਾਮ ਹੈਰੋਇਨ, 493 ਨਸ਼ੀਲੀਆਂ ਗੋਲੀਆਂ ਅਤੇ 32500 ਦੀ ਡਰੱਗ ਮਨੀ ਬਰਾਮਦ ਕੀਤੀ। ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਦੋ ਮੁਕੱਦਮੇ ਦਰਜ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 44.250 ਲੀਟਰ ਠੇਕਾ ਸ਼ਰਾਬ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਅਸਲਾ ਆਰਮ ਐਕਟ ਦੇ ਦੋ ਮੁਕੱਦਮੇ ਦਰਜ ਕਰਕੇ 23 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਕ ਪਿਸਟਲ, ਇਕ ਮੈਗਜ਼ੀਨ, 52 ਰੌਂਦ ਬਰਾਮਦ ਕੀਤੇ। ਇਸੇ ਅਰਸੇ ਦੌਰਾਨ ਲੁੱਟ ਖੋਹ ਅਤੇ ਚੋਰੀ ਦੇ ਮਾਮਲੇ ਵਿਚ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇਕ ਮੋਬਾਈਲ ਫੋਨ, ਦੋ ਚੋਰੀ ਕੀਤੇ ਮੋਟਰਸਾਈਕਲ ਅਤੇ ਇਕ ਸਕੂਟਰੀ ਬਰਾਮਦ ਕੀਤੀ ਗਈ। ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਪੁਲਿਸ ਮੋਗਾ ਹੁਣ ਤੱਕ ਪਿੰਡਾਂ ਦੇ ਸਰਪੰਚਾਂ, ਕਲੱਬਾਂ ਨਾਲ 46 ਸੈਮੀਨਾਰ ਮੀਟਿੰਗਾਂ ਕੀਤੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਖਾਤਮੇ ਲਈ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਕਿ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਨਸ਼ੇ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਮਾਜ ਦੇ ਮਾੜੇ ਅਨਸਰਾਂ ਅਤੇ ਨਸ਼ਾ ਸਮਗਲਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ 27 ਮੁਕੱਦਮੇ ਦਰਜ 57 ਦੋਸ਼ੀ ਗ੍ਰਿਫਤਾਰ-ਜ਼ਿਲ੍ਹਾ ਪੁਲਿਸ ਮੁਖੀ
ਅਜੀਤ ਡੈਸਕ
26-07-2026