ਟੀ.ਐਲ.ਐਫ. ਸਕੂਲ ਵਿਚ ਹਲੈਸ ਜੌ-ਇਕ ਨਿਊਟਰਾਸਿਊਟੀਕਲ ਵੰਡਰ ਵਿਸ਼ੇ ’ਤੇ ਜਾਗਰੂਕਤਾ ਸੈਸ਼ਨ
ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਦਿ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ. ਐਲ.
ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਦਿ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ.ਐਲ.ਐਫ.) ਵਿਖੇ ਅਧਿਆਪਕਾਂ ਲਈ ਹਲੈਸ ਜੌ-ਇਕ ਨਿਊਟਰਾਸਿਊਟੀਕਲ ਵੰਡਰ ਵਿਸ਼ੇ ‘ਤੇ ਵਿਸ਼ੇਸ਼ ਜਾਗਰੂਕਤਾ ਅਤੇ ਫੈਕਲਟੀ ਡਿਵੈਲਪਮੈਂਟ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦਾ ਉਦੇਸ਼ ਅਧਿਆਪਕਾਂ ਨੂੰ ਸਿਹਤਮੰਦ ਪੋਸ਼ਣ ਅਤੇ ਰੋਕਥਾਮ ਆਧਾਰਿਤ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨਾ ਸੀ। ਪ੍ਰੋਗਰਾਮ ਦੌਰਾਨ ਆਈ. ਸੀ. ਏ. ਆਰ. ਓ. ਇੰਡੀਅਨ ਇੰਸਟੀਚਿਊਟ ਆਫ਼ ਵੀਟ ਐਂਡ ਬਾਰਲੇ ਰਿਸਰਚ ਦੇ ਪ੍ਰਿੰਸੀਪਲ ਸਾਇੰਟਿਸਟ ਡਾ. ਓਮਵੀਰ ਸਿੰਘ, ਐਪਿਕ ਗਰੇਨਜ਼ ਦੇ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਸੂਦ ਅਤੇ ਉਨ੍ਹਾਂ ਦੀ ਟੀਮ ਨੇ ਹਲੈਸ ਜੌ ਦੇ ਪੋਸ਼ਣ ਸਬੰਧੀ ਗੁਣਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਲੈਸ ਜੌ ਵਿਚ ਫਾਈਬਰ, ਬੀਟਾ-ਗਲੂਕਾਨ, ਪ੍ਰੋਟੀਨ, ਖਣਿਜ ਅਤੇ ਐਂਟੀ ਆਕਸੀਡੈਂਟਸ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਦਿਲ ਨੂੰ ਤੰਦਰੁਸਤ ਰੱਖਣ, ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ, ਖ਼ੂਨ ਵਿਚ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ, ਰੋਗ-ਪ੍ਰਤੀਰੋਧਕ ਸਮਰੱਥਾ ਵਧਾਉਣ ਅਤੇ ਸਮੁੱਚੀ ਸਿਹਤ ਲਈ ਬਹੁਤ ਲਾਭਕਾਰੀ ਹਨ। ਇਸ ਮੌਕੇ ਮਾਹਿਰਾਂ ਨੇ ਰੋਜ਼ਾਨਾ ਦੇ ਭੋਜਨ ਵਿਚ ਹਲੈਸ ਜੌ ਨੂੰ ਸ਼ਾਮਿਲ ਕਰਨ ਦੇ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕੇ ਵੀ ਸਾਂਝੇ ਕੀਤੇ। ਅਧਿਆਪਕਾਂ ਨੇ ਇਸ ਸੰਵਾਦਾਤਮਿਕ ਸੈਸ਼ਨ ਦੌਰਾਨ ਪੋਸ਼ਣ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਸਬੰਧਿਤ ਕਈ ਮਹੱਤਵਪੂਰਨ ਵਿਗਿਆਨਕ ਜਾਣਕਾਰੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜ: ਜਨੇਸ਼ ਗਰਗ, ਡਾਇਰੈਕਟਰ ਡਾ. ਮੁਸਕਾਨ ਗਰਗ ਅਤੇ ਸਕੂਲ ਪ੍ਰਬੰਧਨ ਵੀ ਹਾਜ਼ਰ ਸਨ। ਚੇਅਰਮੈਨ ਇੰਜ: ਜਨੇਸ਼ ਗਰਗ ਨੇ ਕਿਹਾ ਕਿ ਸਿਹਤ ਪ੍ਰਤੀ ਜਾਗਰੂਕ ਅਧਿਆਪਕ ਵਿਦਿਆਰਥੀਆਂ ਅਤੇ ਸਮਾਜ ਨੂੰ ਵੀ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰ ਸਕਦੇ ਹਨ। ਸਕੂਲ ਦੀ ਪ੍ਰਿੰਸੀਪਲ ਨੀਤੂ ਡਾਂਡੀ ਨੇ ਆਏ ਹੋਏ ਮਾਹਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੈਸ਼ਨ ਅਧਿਆਪਕਾਂ ਲਈ ਬਹੁਤ ਹੀ ਲਾਭਦਾਇਕ ਅਤੇ ਪ੍ਰੇਰਨਾਦਾਇਕ ਸਾਬਤ ਹੋਇਆ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਪ੍ਰਬੰਧਨ ਵਲੋਂ ਸਾਰੇ ਮਾਹਿਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।