21-22 ਅਕਤੂਬਰ ਨੂੰ ਮੁਲਾਜ਼ਮ ਲੈਣਗੇ ਸਮੂਹਿਕ ਛੁੱਟੀ-ਤਾਲਮੇਲ ਕਮੇਟੀ
ਡੀ.ਸੀ. ਦਫ਼ਤਰ ਮੋਗਾ ਦੇ ਮੂਹਰੇ ਲਾਇਆ ਜਾਵੇਗਾ ਰੋਸ ਧਰਨਾ
ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਜ਼ਿਲ੍ਹਾ ਮੋਗਾ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਚ ਹੋਈ। ਮੀਟਿੰਗ ਦੀ ਪ੍ਰਧਾਨਗੀ ਗੁਰਜੰਟ ਸਿੰਘ ਕੋਕਰੀ ਨੇ ਕੀਤੀ।
ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਜ਼ਿਲ੍ਹਾ ਮੋਗਾ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਚ ਹੋਈ। ਮੀਟਿੰਗ ਦੀ ਪ੍ਰਧਾਨਗੀ ਗੁਰਜੰਟ ਸਿੰਘ ਕੋਕਰੀ ਨੇ ਕੀਤੀ। ਇਸ ਮੀਟਿੰਗ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਜਗਦੀਸ਼ ਸਿੰਘ ਚਾਹਲ, ਭਜਨ ਸਿੰਘ ਗਿੱਲ, ਗੁਰਮੇਲ ਸਿੰਘ ਨਾਹਰ, ਕੁਲਬੀਰ ਸਿੰਘ ਢਿੱਲੋਂ, ਸੁਰਿੰਦਰ ਰਾਮ ਕੁੱਸਾ, ਜਗਜੀਤ ਸਿੰਘ, ਨਰੇਸ਼ ਕੁਮਾਰ, ਬਲੌਰ ਸਿੰਘ ਘਾਲੀ, ਭੁਪਿੰਦਰ ਸਿੰਘ ਸੇਖੋਂ, ਕੁਲਵਿੰਦਰ ਸਿੰਘ, ਪਲਵਿੰਦਰ ਸਿੰਘ ਸਿੱਧੂ, ਜਗਤਾਰ ਸਿੰਘ, ਕੁਲਵੰਤ ਸਿੰਘ ਘਾਲੀ, ਗੁਰਸੇਵਕ ਸਿੰਘ, ਸੁਖਮੰਦਰ ਸਿੰਘ ਬਾਘਾ ਪੁਰਾਣਾ, ਕੁਲਦੀਪ ਸਿੰਘ ਪੀ.ਐਸ.ਐਮ.ਐਸ., ਸੁਰਜੀਤ ਸਿੰਘ ਗਗੜਾ, ਸੁਰਿੰਦਰ ਸਿੰਘ, ਰਜਿੰਦਰ ਸਿੰਘ ਰਿਆੜ, ਜਸਵਿੰਦਰ ਸਿੰਘ, ਮਹਿੰਦਰ ਸਿੰਘ ਬਰਾੜ, ਪ੍ਰੇਮ ਕੁਮਾਰ ਅਤੇ ਹੋਰ ਸਾਥੀ ਸ਼ਾਮਲ ਹੋਏ। ਇਸ ਮੌਕੇ ਜਗਦੀਸ਼ ਸਿੰਘ ਚਾਹਲ ਨੇ ਪਿਛਲੇ ਸੰਘਰਸ਼ਾਂ ਦੀ ਵਿਆਖਿਆ ਕੀਤੀ ਅਤੇ ਸਾਰੀਆਂ ਹੀ ਹਾਲਤਾਂ ਤੋਂ ਜਾਣੂੰ ਕਰਵਾਉਂਦੇ ਹੋਏ ਕਿਹਾ ਕਿ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਨਸ਼ਾ ਤਸਕਰ ਧੜੱਲੇ ਨਾਲ ਨਸ਼ਾ ਵੇਚ ਰਹੇ ਹਨ ਪਰ ਸਰਕਾਰ ਅਤੇ ਅਫ਼ਸਰਸ਼ਾਹੀ ਇਨ੍ਹਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਸੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੀ ਆਪਣੀਆਂ ਮੰਗਾਂ ਪ੍ਰਾਪਤ ਕਰਨ ਲਈ ਜਿੱਥੇ ਜ਼ਬਰਦਸਤ ਸੰਘਰਸ਼ ਕਰਨੇ ਪੈਣਗੇ ਉੱਥੇ ਇਹ ਸਰਕਾਰ ਨੂੰ ਚਲਦਾ ਵੀ ਕਰਨਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਹੁਣ 21-22 ਅਕਤੂਬਰ ਨੂੰ ਮੁਲਾਜ਼ਮ ਸਮੂਹ ਛੁੱਟੀ ਲੈ ਕੇ ਸਰਕਾਰ ਦਾ ਚੱਕਾ ਜਾਮ ਕਰਨਗੇ ਅਤੇ ਪੈਨਸ਼ਨਰ ਉਨ੍ਹਾਂ ਦਾ ਸਹਿਯੋਗ ਕਰਦੇ ਹੋਏ ਰੋਸ ਰੈਲੀਆਂ ਧਰਨਿਆਂ ਵਿਚ ਪੂਰੀ ਤਾਕਤ ਨਾਲ ਸ਼ਮੂਲੀਅਤ ਕਰਨਗੇ। ਸਾਰਵ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਮੋਗਾ ਜ਼ਿਲ੍ਹੇ ਦੇ ਮੁਲਾਜ਼ਮ ਵੀ 21-22 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ 11 ਵਜੇ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਦੇ ਮੂਹਰੇ ਰੋਸ ਰੈਲੀ ਕਰਨਗੇ। ਇਸ ਮੌਕੇ ਭਜਨ ਸਿੰਘ ਗਿੱਲ ਨੇ ਮੀਟਿੰਗ ਵਿਚ ਸ਼ਾਮਲ ਹੋਏ ਆਗੂਆਂ ਦਾ ਧੰਨਵਾਦ ਕੀਤਾ ਅਤੇ ਮੁਲਾਜ਼ਮਾਂ ਅਤੇ ਪੈਨਸ਼ਨਾਂ ਨੂੰ ਸੰਘਰਸ਼ ਵਿਚ ਜ਼ੋਰ ਸ਼ੋਰ ਨਾਲ ਕੁੱਦਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੰਘਰਸ਼ ਕਰਨ ਨਾਲ ਹੀ ਕੁਝ ਪ੍ਰਾਪਤ ਹੋ ਸਕਦਾ ਹੈ ਘਰ ਵਿਚ ਬੈਠਿਆਂ ਕੁਝ ਨਹੀਂ ਮਿਲਣਾ। ਉਨ੍ਹਾਂ ਕਿਹਾ ਕਿ ਹੁਣ ਸਰਕਾਰਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ’ਤੇ ਕੱਟ ਲਾਉਣ ਦੀ ਤਿਆਰੀ ਕਰ ਰਹੀਆਂ ਹਨ। ਸੰਘਰਸ਼ ਵਿਚ ਰਹੋਗੇ ਤਾਂ ਹੀ ਆਪਣੇ ਹੱਕ ਬਚਾ ਕੇ ਰੱਖ ਸਕੋਗੇ।