ਸੰਗਰੂਰ, 2 ਜਨਵਰੀ (ਅਮਨਦੀਪ ਸਿੰਘ ਬਿੱਟਾ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕੇਂਦਰ ਸਰਕਾਰ ਦੇ ਲਾਗੂ ਕੀਤੇ ਕਿਸਾਨ ਮਜ਼ਦੂਰ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸੰਗਰੂਰ ਬਲਾਕ ਦੇ ਡੇਢ ਦਰਜਨ ਪਿੰਡਾਂ ਵਿਚ ਗੱਡੀਆਂ ਰਾਹੀ ਰੋਸ ਮਾਰਚ ਕੀਤਾ ਗਿਆ | ਮਾਰਚ ਦੇ ਆਰੰਭ ਵੇਲੇ ਅਨਾਜ ਮੰਡੀ ਵਿਚ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ, ਜਗਤਾਰ ਸਿੰਘ ਲੱਡੀ, ਡਕੌਦਾ ਦੇ ਜਗਤਾਰ ਸਿੰਘ ਦੁੱਗਾ, ਸਤਨਾਮ ਸਿੰਘ ਕਿਲਾ ਭਰੀਆ, ਕੁੱਲ ਹਿੰਦ ਸਭਾ ਦੇ ਨਿਰਮਲ ਸਿੰਘ ਬਟੜਿਆਣਾ ਨੇ ਕਿਹਾ ਕਿ 16 ਜਨਵਰੀ ਨੂੰ ਬਿਜਲੀ ਬੋਰਡ ਦੇ ਐਸ.ਸੀ. ਦਫ਼ਤਰਾਂ ਅੱਗੇ ਲੱਗਣ ਵਾਲੇ ਧਰਨਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਵਿਚ ਮਾਰਚ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਵੱਡੇ ਕਾਰਪੋਰੇਟ ਘਰਾਣਿਆ ਦੇ ਹਿਤਾਂ ਦੀ ਪੂਰਤੀ ਲਈ ਲਿਆਂਦੇ ਬਿਜਲੀ ਸੋਧ ਬਿਲ ਅਤੇ ਬੀਜ ਬਿੱਲ ਪਹਿਲਾ ਹੀ ਆਰਥਿਕ ਸੰਕਟ ਵਿਚ ਫਸੀ ਕਿਸਾਨੀ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦੇਣਗੇ | ਉਨ੍ਹਾਂ ਕਿਹਾ ਕਿ ਉਪਰੋਕਤ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਕਿਸਾਨ ਆਗੂਆਂ ਨੇ ਮਨਰੇਗਾ ਕਾਨੂੰਨ ਨੂੰ ਖ਼ਤਮ ਕਰ ਕੇ ਜੀ ਰਾਮ ਜੀ ਬਿੱਲ ਪਾਸ ਕਰਨ ਅਤੇ ਪੰਜਾਬ ਪੁਲਿਸ ਵਲੋਂ ਮੁਕੇਸ਼ ਮਲੌਦ ਮਜ਼ਦੂਰ ਆਗੂ ਨੂੰ ਗਿ੍ਫ਼ਤਾਰ ਕਰਨ ਦੀ ਵੀ ਨਿਖੇਧੀ ਕੀਤੀ | ਰੋਸ ਮਾਰਚ ਸੰਗਰੂਰ ਤੋਂ ਸ਼ੁਰੂ ਹੋ ਕੇ ਵੱਖ-ਵੱਖ 15 ਪਿੰਡਾਂ ਵਿਚੋਂ ਹੁੰਦਾ ਹੋਏ ਕੁਲਾਰਾਂ ਪਿੰਡ ਵਿਖੇ ਸਮਾਪਤ ਹੋਇਆ |