ਮਲੇਰਕੋਟਲਾ, 2 ਜਨਵਰੀ (ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਵਿਖੇ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਕਮਲਦੀਪ ਕੌਰ ਨੇ ਆਖਿਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੂੰ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਪੰਜਾਬ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਪ੍ਰਧਾਨ ਮੁਕੇਸ਼ ਮਲੌਦ ਬੇ-ਜ਼ਮੀਨੇ ਕਿਸਾਨ ਮਜ਼ਦੂਰਾਂ ਤੇ ਕਿਰਤੀ ਲੋਕਾਂ ਦੇ ਹੱਕ ਦੇ ਲਈ ਲੜਦੇ ਹਨ, ਜਿਸ ਦੀ ਬਦੌਲਤ ਉਹ ਪਿਛਲੇ ਸਮਿਆਂ ਤੋਂ ਪਿੰਡਾਂ ਵਿਚ ਪੰਚਾਇਤੀ ਜ਼ਮੀਨ, ਨਜ਼ੂਲ ਜ਼ਮੀਨਾਂ, ਗ਼ਰੀਬਾਂ ਮਜ਼ਦੂਰਾਂ ਲਈ ਪੰਜ ਮਰਲੇ ਪਲਾਟ ਅਤੇ ਲੈਂਡ ਸੀਲਿੰਗ ਐਕਟ ਲਾਗੂ ਕਰਵਾਉਣ ਲਈ ਸੰਘਰਸ਼ ਦੇ ਰਾਹ 'ਤੇ ਉਤਰੇ ਹੋਏ ਹਨ | ਪੰਜਾਬ ਸਟੂਡੈਂਟ ਯੂਨੀਅਨ ਨੇ ਇਸ ਸਮੇਂ ਸਮੂਹ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਇਕੱਠੇ ਹੋ ਕੇ ਅਜਿਹੀਆਂ ਲੋਕ ਵਿਰੋਧੀ ਸਰਕਾਰਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਤੇ ਸੰਘਰਸ਼ ਦੇ ਰਾਹ ਤੇ ਚੱਲਣ ਦਾ ਸੱਦਾ ਦਿਤਾ | ਇਸ ਤੋਂ ਇਲਾਵਾ ਆਈ.ਟੀ.ਆਈ. ਦੇ ਵਿਚ ਸਿੱਖਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਥਾ ਵਿਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਗੈੱਸਟ ਫੈਕਲਟੀ ਪ੍ਰੋਫ਼ੈਸਰ 22 ਤਰੀਕ ਤੋਂ ਆਪਣੀ ਰੈਗੂਲਰ ਭਰਤੀ ਦੀ ਮੰਗ ਨੂੰ ਲੈ ਕੇ ਲਗਾਤਾਰ ਹੜਤਾਲ 'ਤੇ ਹਨ | ਜਿਸ ਕਰ ਕੇ ਉਨ੍ਹਾਂ ਦੀ ਟਰੇਨਿੰਗ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ | ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਇੰਸਟਰਕਟਰਾਂ ਦੇ ਇਸ ਸੰਘਰਸ਼ ਦੀ ਹਿਮਾਇਤ ਕਰਦੀ ਹੈ ਅਤੇ ਆਈ. ਟੀ.ਆਈਜ਼. ਦੇ ਗੈੱਸਟ ਫੈਕਲਟੀ ਇੰਸਟਰਕਟਰ ਯੂਨੀਅਨ ਵਲੋਂ 5 ਜਨਵਰੀ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਪੰਜਾਬ ਪੱਧਰੀ ਰੋਸ ਪ੍ਰਦਰਸ਼ਨ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਵੱਖ-ਵੱਖ ਆਈ.ਟੀ ਆਈਜ਼. ਤੋਂ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮਲੇਰਕੋਟਲਾ ਦੇ ਪਾਰਸ ਧੂਰੀ ਅਤੇ ਜਗਤਾਰ ਸਿੰਘ ਹਾਜ਼ਰ ਸਨ |