ਲੌਂਗੋਵਾਲ, 2 ਜਨਵਰੀ (ਵਿਨੋਦ, ਸ. ਖੰਨਾ) - ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਨਮ ਦਿਨ ਉਨ੍ਹਾਂ ਦੀ ਯਾਦ ਵਿਚ ਬਣੀ ਸੰਸਥਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਡੀਮੰਡ ਯੂਨੀਵਰਸਿਟੀ ਲੌਂਗੋਵਾਲ ਵਿਖੇ ਮਨਾਇਆ ਗਿਆ | ਇਸ ਸਬੰਧ ਵਿਚ ਪ੍ਰਬੰਧਕੀ ਬਲਾਕ ਵਿਖੇ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ ਜਿਸ ਵਿਚ ਡਾਇਰੈਕਟਰ ਸਮੇਤ ਸੀਨੀਅਰ ਫੈਕਲਟੀ ਵਲੋਂ ਸੰਤ ਲੌਂਗੋਵਾਲ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਾ ਕੇ ਸੰਤ ਲੌਂਗੋਵਾਲ ਨੂੰ ਸਤਿਕਾਰ ਭੇਟ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਪਾਸਵਾਨ ਨੇ ਕਿਹਾ ਕਿ ਅਮਨ ਅਤੇ ਸ਼ਾਂਤੀ ਲਈ ਸੰਤ ਲੌਂਗੋਵਾਲ ਵਲੋਂ ਦਿੱਤੇ ਗਏ ਬਲੀਦਾਨ ਨੂੰ ਯੁੱਗਾਂ ਯੁਗਾਂਤਰਾਂ ਤੱਕ ਯਾਦ ਰੱਖਿਆ ਜਾਵੇਗਾ | ਉਨ੍ਹਾਂ ਦੇ ਉਪਰਾਲੇ ਨਾਲ ਸਥਾਪਿਤ ਹੋਏ ਇਸ ਸੰਸਥਾਨ ਨੂੰ ਜੇਕਰ ਉਹ ਚਾਹੁੰਦੇ ਤਾਂ ਆਈ.ਆਈ.ਟੀ. ਜਾਂ ਐਨ.ਆਈ.ਟੀ. ਬਣਾ ਸਕਦੇ ਸਨ ਪ੍ਰੰਤੂ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਸੀ ਕਿ ਇਸ ਸੰਸਥਾਨ ਦਾ ਇੱਥੋਂ ਦੇ ਨੇੜਲੇ ਇਲਾਕੇ ਅਤੇ ਪੰਜਾਬ ਵਾਸੀਆਂ ਫ਼ਾਇਦਾ ਮਿਲੇ | ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸੋਚ ਅਨੁਸਾਰ ਇਸ ਸੰਸਥਾ ਦਾ ਪੰਜਾਬ ਵਾਸੀਆਂ ਨੂੰ ਭਰਪੂਰ ਲਾਹਾ ਮਿਲ ਵੀ ਰਿਹਾ ਹੈ, ਇਸ ਵਾਰ ਪੰਜਾਬ ਲਈ ਰਾਖਵੀਂਆਂ ਸਾਰੀਆਂ ਸੀਟਾਂ ਸ਼ਤ ਪ੍ਰਤੀਸ਼ਤ ਭਰ ਗਈਆਂ ਹਨ | ਉਨ੍ਹਾਂ ਦੱਸਿਆ ਕਿ ਸਾਡਾ ਫ਼ਰਜ਼ ਹੈ ਕਿ ਸੰਤ ਲੌਂਗੋਵਾਲ ਦੁਆਰਾ ਦੱਸੇ ਰਾਹ 'ਤੇ ਚੱਲ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰੀਏ | ਇਸ ਮੌਕੇ ਸਮੂਹ ਡੀਨ, ਵਿਭਾਗਾਂ ਦੇ ਮੁਖੀ, ਅਧਿਆਪਕ, ਤਕਨੀਕੀ ਅਤੇ ਗੈਰ ਤਕਨੀਕੀ ਸਟਾਫ਼ ਮੈਂਬਰ ਹਾਜ਼ਰ ਸਨ |