ਧੂਰੀ, 2 ਜਨਵਰੀ (ਲਖਵੀਰ ਸਿੰਘ ਧਾਂਦਰਾ) - ਪੰਜਾਬ ਵਕਫ਼ ਬੋਰਡ ਦੇ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਅਨਵਰ ਭਸੌੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਕਫ਼ ਬੋਰਡ ਵਲੋਂ ਇਸਲਾਮੀਆ ਪਬਲਿਕ ਸਕੂਲ ਦੁੱਗਣੀ ਦੇ ਨਵੀਨੀਕਰਨ ਅਤੇ ਵਿਕਾਸ ਲਈ ਵੱਡਾ ਕਦਮ ਚੁੱਕਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਕੂਲ ਦੀ ਮੌਜੂਦਾ ਹਾਲਤ ਨੂੰ ਸੁਧਾਰਨ ਅਤੇ ਵਿਦਿਆਰਥੀਆਂ ਲਈ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਭਗ 1 ਕਰੋੜ 70 ਲੱਖ ਰੁਪਏ ਦਾ ਵਿਸਥਾਰਤ ਤਖ਼ਮੀਨਾ ਮਨਜ਼ੂਰ ਕੀਤਾ ਗਿਆ ਹੈ | ਡਾ. ਭਸੌੜ ਨੇ ਦੱਸਿਆ ਕਿ ਇਸ ਤਖ਼ਮੀਨੇ ਦੀ ਪਹਿਲੀ ਕਿਸ਼ਤ ਵਜੋਂ 51 ਲੱਖ 38 ਹਜ਼ਾਰ ਰੁਪਏ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਮੁਹੰਮਦ ਉਵੈਸ ਵਲੋਂ ਜਾਰੀ ਕਰ ਦਿੱਤੇ ਗਏ ਹਨ, ਜਿਸ ਨਾਲ ਸਕੂਲ ਦੇ ਨਵੀਨੀਕਰਨ ਦੇ ਕੰਮ ਨੂੰ ਤੁਰੰਤ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਰਕਮ ਨਾਲ ਸਕੂਲ ਦੀ ਇਮਾਰਤ, ਕਲਾਸ-ਰੂਮਾਂ, ਬੁਨਿਆਦੀ ਢਾਂਚੇ ਅਤੇ ਹੋਰ ਸਿੱਖਿਆ ਸੰਬੰਧੀ ਸਹੂਲਤਾਂ ਨੂੰ ਬਿਹਤਰ ਬਣਾਇਆ ਜਾਵੇਗਾ | ਉਨ੍ਹਾਂ ਹੋਰ ਦੱਸਿਆ ਕਿ ਇਸਲਾਮੀਆ ਪਬਲਿਕ ਸਕੂਲ ਦੁੱਗਣੀ ਵਿਚ ਦਾਖ਼ਲੇ ਮੌਜੂਦਾ ਵਿੱਦਿਅਕ ਸੈਸ਼ਨ ਤੋਂ ਹੀ ਸ਼ੁਰੂ ਕੀਤੇ ਜਾਣਗੇ ਅਤੇ ਭਵਿੱਖ ਵਿਚ ਇਸ ਸਕੂਲ ਨੂੰ ਸੀਨੀਅਰ ਸੈਕੰਡਰੀ ਪੱਧਰ ਤੱਕ ਅਪਗਰੇਡ ਕੀਤਾ ਜਾਵੇਗਾ | ਡਾ. ਅਨਵਰ ਭਸੌੜ ਨੇ ਕਿਹਾ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਨਿੱਜੀ ਸਕੂਲਾਂ ਦੇ ਸਮਾਨ ਗੁਣਵੱਤਾ ਪੂਰਨ ਸਿੱਖਿਆ, ਅਨੁਭਵੀ ਅਧਿਆਪਕ ਅਤੇ ਆਧੁਨਿਕ ਪਾਠ ਸਾਧਨ ਪ੍ਰਦਾਨ ਕੀਤੇ ਜਾਣਗੇ, ਤਾਂ ਜੋ ਇਲਾਕੇ ਦੇ ਬੱਚੇ ਬਿਹਤਰ ਭਵਿੱਖ ਵੱਲ ਅੱਗੇ ਵਧ ਸਕਣ |