ਸੰਗਰੂਰ, 2 ਜਨਵਰੀ (ਧੀਰਜ ਪਸ਼ੌਰੀਆ) - ਮਨਰੇਗਾ ਸਕੀਮ ਦਾ ਨਾਂਅ ਬਦਲਣ ਦੇ ਨਾਲ-ਨਾਲ ਉਸ ਵਿਚ ਸੁਧਾਰਾਂ ਦੇ ਨਾਂ 'ਤੇ ਕੀਤੇ ਜਾ ਰਹੇ ਮਜ਼ਦੂਰ ਵਿਰੋਧੀ ਬਦਲਾਅ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿਚ ਭਾਰੀ ਰੋਸ ਹੈ | ਇਸ ਨੂੰ ਲੈ ਕੇ ਪੰਜਾਬ ਦੇ ਲੋਕ ਸੜਕਾਂ ਉੱਤੇ ਆ ਰਹੇ ਹਨ ਕਿਉਂਕਿ ਕੀਤੇ ਬਦਲਾਅ ਨਾਲ ਮਜ਼ਦੂਰਾਂ ਦੀ ਰੋਜ਼ੀ ਰੋਟੀ ਖੁੱਸ ਰਹੀ ਹੈ, ਪੰਜਾਬ ਦੇ ਮਜ਼ਦੂਰ ਵਰਗ ਵਿਚ ਕੇਂਦਰ ਸਰਕਾਰ ਖ਼ਿਲਾਫ਼ ਇਨ੍ਹਾਂ ਰੋਹ ਪੈਦਾ ਹੋ ਚੁੱਕਾ ਹੈ ਕਿ ਉਹ ਇਸ ਮੁੱਦੇ ਉੱਤੇ ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਝੁਕਾ ਲੈਣਗੇ | ਇੱਕ ਸਵਾਲ ਦੇ ਜਵਾਬ ਵਿਚ ਐਸ ਸੀ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ 2025 ਵਿਚ ਅਹਿਮ ਫ਼ੈਸਲੇ ਲਏ ਹਨ ਜਿਸ ਨਾਲ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਨੂੰ ਨਵੀਂ ਦਿਸ਼ਾ ਮਿਲੀ ਹੈ | ਇਹ ਯਤਨ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ | ਹੁਣ ਸੂਬਾ ਸਰਕਾਰ ਜੋ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਬੀਮਾ ਕਰਨ ਜਾ ਰਹੀ ਹੈ, ਸਰਕਾਰ ਵਲੋਂ ਨਿਭਾਈ ਜਾ ਰਹੀ ਇਸ ਅਹਿਮ ਜ਼ਿੰਮੇਵਾਰੀ ਨਾਲ ਲੋਕਾਂ ਦੀ ਜ਼ਿੰਦਗੀ ਹੋਰ ਸੁਖਾਲੀ ਹੋ ਜਾਵੇਗੀ | ਇਹੀ ਬਦਲਾਅ ਹੈ ਜਿਸ ਦਾ ਵਾਅਦਾ 2022 ਵਿਚ ਕੀਤਾ ਗਿਆ ਸੀ |