ਖਨੌਰੀ, 23 ਜਨਵਰੀ (ਬਲਵਿੰਦਰ ਸਿੰਘ ਥਿੰਦ) - ਖਨੌਰੀ ਵਿਖੇ ਭਾਖੜਾ ਨਹਿਰ ਦੇ ਹੈੱਡ 'ਤੇ ਅਤੇ ਨਹਿਰ ਦੇ ਕਿਨਾਰਿਆਂ 'ਤੇ ਲੱਗੀਆਂ ਲਾਈਟਾਂ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਬੰਦ ਪਈਆਂ ਹੋਣ ਕਰਕੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਰਨਣਯੋਗ ਹੈ ਕਿ ਖਨੌਰੀ ਵਿਖੇ ਭਾਖੜਾ ਨਹਿਰ ਦੇ ਹੈੱਡ, ਜਿੱਥੋਂ ਕਿ ਬਰਵਾਲਾ ਲਿੰਕ ਨਹਿਰ ਭਾਖੜਾ ਮੇਨ ਨਹਿਰ ਚੋਂ ਨਿਕਲਦੀ ਹੈ, ਤੇ ਪਾਣੀ ਨੂੰ ਵੰਡਣ, ਘੱਟ ਵੱਧ ਆਦਿ ਕਰਨ ਲਈ ਲਗਾਏ ਗਏ ਫੱਟਿਆਂ ਨਾਲ ਪਿੱਛੋਂ ਭਾਖੜਾ ਨਹਿਰ ਵਿਚ ਡਿੱਗੇ ਜਾ ਆਪ ਖ਼ੁਦਕੁਸ਼ੀਆਂ ਕਰਨ ਵਾਲਿਆਂ ਦੀਆਂ ਤਕਰੀਬਨ ਲਾਸ਼ਾਂ ਅੜ ਕੇ ਰੁਕ ਜਾਂਦੀਆਂ ਹਨ ਅਤੇ ਭਾਖੜਾ ਨਹਿਰ ਵਿਚ ਡਿੱਗਣ ਵਾਲੇ ਅਤੇ ਛਾਲ ਮਾਰ ਕੇ ਖ਼ੁਦਕੁਸ਼ੀਆਂ ਕਰਨ ਵਾਲਿਆਂ ਦੇ ਵਾਰਸ ਸਬੰਧੀ ਆਦਿ ਤਕਰੀਬਨ ਇੱਥੇ ਭਾਖੜਾ ਨਹਿਰ ਹੈੱਡ ਤੇ ਉਨ੍ਹਾਂ ਦੀਆਂ ਲਾਸ਼ਾਂ ਦੀ ਭਾਲ ਵਿਚ ਬੈਠੇ ਹੀ ਰਹਿੰਦੇ ਹਨ | ਇੱਥੇ ਇਹ ਵੀ ਵਰਨਣਯੋਗ ਹੈ ਕਿ ਭਾਵੇਂ ਕਿ ਸਹਾਰਾ ਟਰੱਸਟ ਵਲੋਂ ਉਨ੍ਹਾਂ ਲਾਸ਼ਾਂ ਨੂੰ ਲੱਭਣ ਲਈ ਆਏ ਵਾਰਸਾਂ ਦੇ ਰਾਤ ਰਹਿਣ ਅਤੇ ਆਰਾਮ ਕਰਨ ਲਈ ਇੱਕ ਸੁੰਦਰ ਇਮਾਰਤ ਭਾਖੜਾ ਨਹਿਰ ਦੇ ਹੈੱਡ ਦੇ ਨੇੜੇ ਬਣਾ ਕੇ ਅਤੇ ਕੈਮਰੇ ਵਗ਼ੈਰਾ ਲਗਵਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਇੱਥੇ ਭਾਖੜਾ ਨਹਿਰ ਦੇ ਹੈੱਡ ਅਤੇ ਨਹਿਰ ਦੇ ਕਿਨਾਰਿਆਂ 'ਤੇ ਲੱਗੀਆਂ ਹੋਈਆਂ ਲਾਈਟਾਂ ਤਕਰੀਬਨ ਬੰਦ ਪਈਆਂ ਹਨ ਅਤੇ ਪ੍ਰਸ਼ਾਸਨ ਦੁਆਰਾ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਜਿਸ ਕਰਕੇ ਲਾਸ਼ਾਂ ਲੱਭਣ ਆਉਂਦੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਤਾਂ ਉਨ੍ਹਾਂ ਨੂੰ ਖ਼ੁਦ ਰਾਤ ਨੂੰ ਸਹਾਰਾ ਟਰੱਸਟ ਵਲੋਂ ਬਣੇ ਹੋਏ ਆਰਾਮ ਘਰ ਤੋਂ ਤਾਰ ਲਗਾ ਕੇ ਲਾਈਟ ਜਗਾਉਣੀ ਪੈਂਦੀ ਹੈ ਜਾਂ ਫਿਰ ਉਨ੍ਹਾਂ ਨੂੰ ਟਾਰਚਾਂ ਦੀ ਸਹਾਇਤਾ ਨਾਲ ਜਾ ਫਿਰ ਮੋਬਾਈਲਾਂ ਦੀ ਟਾਰਚਾਂ ਨਾਲ ਹੀ ਰਾਤ ਸਮੇਂ ਪਾਣੀ ਵਿਚ ਰੁੜ੍ਹ ਕੇ ਆਉਂਦੀਆਂ ਲਾਸ਼ਾਂ ਲੱਭਣੀਆਂ ਪੈ ਰਹੀਆਂ ਹਨ | ਕਈ ਵਾਰ ਤਾਂ ਲਾਈਟ ਨਾਂ ਹੋਣ ਕਾਰਨ ਲਾਸ਼ ਅੱਗੇ ਵੀ ਟੱਪ ਜਾਂਦੀ ਹੈ ਅਤੇ ਦੂਜੀ ਮੁਸ਼ਕਲ ਇਹ ਆ ਰਹੀ ਹੈ ਕਿ ਸਰਦੀ ਭਰੇ ਮੌਸਮ ਵਿੱਚ ਭਾਰੀ ਧੁੰਦ ਪੈਣ ਕਾਰਨ ਹੋਰ ਵੀ ਜ਼ਿਆਦਾ ਪ੍ਰੇਸ਼ਾਨੀ ਆ ਰਹੀ ਹੈ ਕਿਉਂਕਿ ਧੁੰਦ ਵਿੱਚ ਵੈਸੇ ਵੀ ਦੂਰੋਂ ਨਹੀਂ ਦਿਸਦਾ ਤੇ ਉੱਧਰ ਰਾਤ ਸਮੇਂ ਲਾਈਟਾਂ ਨਾਂ ਜਗਦੀਆਂ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ | ਦੂਜਾ ਇਹ ਵੀ ਹੈ ਕਿ ਖਨੌਰੀ ਤੋਂ ਭੁੱਲਣ, ਮੰਡਵੀਂ ਆਦਿ ਪਿੰਡਾਂ ਨੂੰ ਜਾਣ ਵਾਲੇ ਲੋਕ ਜਦੋਂ ਭਾਖੜਾ ਨਹਿਰ ਕਿਨਾਰੇ ਬਣੀ ਸੜਕ ਤੇ ਚੜ੍ਹਦੇ ਹਨ ਤਾਂ ਭਾਖੜਾ ਨਹਿਰ 'ਤੇ ਲਾਈਟਾਂ ਨਾ ਚੱਲਦੀਆਂ ਹੋਣ ਕਾਰਨ ਇਸ ਧੁੰਦ ਭਰੇ ਮੌਸਮ ਵਿੱਚ ਭਾਖੜਾ ਨਹਿਰ ਵਿੱਚ ਵੀ ਡਿੱਗਣ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ | ਐਫ.ਸੀ.ਆਈ. ਡਿਪੂ ਮੋੜ ਤੋਂ ਨਹਿਰ ਵੱਲ ਨੂੰ ਸਿਰਫ਼ ਸ਼ਰਾਬ ਠੇਕੇ ਦੀਆਂ ਲਾਈਟਾਂ ਹੀ ਜਗਦੀਆਂ ਨਜ਼ਰ ਆਉਂਦੀਆਂ ਹਨ ਪਰ ਉਸ ਤੋਂ ਅੱਗੇ ਕੋਈ ਲਾਈਟ ਨਹੀਂ ਜਗਦੀ ਲੱਭਦੀ | ਪਿੰਡ ਸ਼ਾਹਪੁਰ ਥੇੜ੍ਹੀ ਦੇ ਸਾਬਕਾ ਸਰਪੰਚ ਗੁਰਬਾਜ਼ ਸਿੰਘ ਥੇੜ੍ਹੀ, ਕਿਸਾਨ ਆਗੂ ਰਾਜ ਸਿੰਘ ਥੇੜ੍ਹੀ, ਬਹਾਦਰ ਸਿੰਘ ਥੇੜ੍ਹੀ, ਰਾਂਝਾ ਬਖ਼ਸ਼ੀ ਸੂਬਾ ਵਾਈਸ ਪ੍ਰਧਾਨ ਐਸ ਸੀ ਮੋਰਚਾ ਭਾਜਪਾ ਆਦਿ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਭਾਖੜਾ ਨਹਿਰ ਦੇ ਹੈੱਡ ਤੇ ਟਰੱਕ ਯੂਨੀਅਨ ਅਤੇ ਪੁਲਿਸ ਥਾਣਾ ਖਨੌਰੀ ਮੋੜ ਤੇ ਹੋਰ ਵੱਡੀਆਂ ਲਾਈਟਾਂ ਲਗਾਈਆਂ ਜਾਣ ਅਤੇ ਜੋ ਲਾਈਟਾਂ ਬੰਦ ਪਈਆਂ ਹਨ ਉਨ੍ਹਾਂ ਲਾਈਟਾਂ ਨੂੰ ਚਾਲੂ ਕਰਵਾਇਆ ਜਾਵੇ ਤਾਂ ਕਿ ਇੱਥੇ ਕੋਈ ਭਿਆਨਕ ਹਾਦਸਾ ਵਾਪਰਨ ਤੋਂ ਬਚਾਅ ਰਹਿ ਸਕੇ |