ਲੌਂਗੋਵਾਲ, 24 ਜਨਵਰੀ (ਵਿਨੋਦ, ਸ਼. ਖੰਨਾ) - ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਕੋਆਪਰੇਟਿਵ ਸੁਸਾਇਟੀ ਸ਼ੇਰੋਂ ਦੇ ਪ੍ਰਧਾਨ ਕੁਲਦੀਪ ਸਿੰਘ ਸਿੱਧੂ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੇ ਫ਼ੈਸਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਆਪ ਸਰਕਾਰ ਵਲੋਂ ਪੰਜਾਬ ਵਾਸੀਆਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਭਾਰਤ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਪਹਿਲਕਦਮੀ ਹੈ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦਾ ਗ਼ਰੀਬ ਤੋਂ ਗ਼ਰੀਬ ਆਦਮੀ ਵੀ ਪੰਜਾਬ ਅਤੇ ਚੰਡੀਗੜ੍ਹ ਦੇ ਸਰਵੋਤਮ ਨਿੱਜੀ ਹਸਪਤਾਲਾਂ ਵਿਚ ਬਿਨਾਂ ਕਿਸੇ ਝੰਜਟ ਤੋਂ ਆਪਣਾ ਨਗਦੀ ਰਹਿਤ ਇਲਾਜ ਕਰਵਾ ਸਕੇਗਾ | ਇਸ ਦੇ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਅਤੇ ਚੰਡੀਗੜ੍ਹ ਦੇ 900 ਤੋਂ ਵਧੇਰੇ ਹਸਪਤਾਲ ਸੂਚੀਬੱਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਜਿਹਾ ਫੈਸਲਾ ਅੱਜ ਤੱਕ ਕਿਸੇ ਵੀ ਸੂਬੇ ਦੀ ਸਰਕਾਰ ਵਲੋਂ ਨਹੀਂ ਕੀਤਾ ਗਿਆ | ਹੁਣ ਕੋਈ ਵੀ ਲੋੜਵੰਦ ਬਜ਼ੁਰਗ ਵਿਅਕਤੀ ਪੈਸੇ ਦੀ ਥੁੜ ਨਾਲ ਇਲਾਜ ਪੱਖੋਂ ਨਹੀਂ ਰਹੇਗਾ | ਸਰਕਾਰ ਵਲੋਂ ਇਸ ਯੋਜਨਾ ਤਹਿਤ 2356 ਇਲਾਜ ਦੇ ਪੈਕੇਜ ਉਪਲਬਧ ਕਰਵਾਏ ਗਏ ਹਨ ਜਿਸ ਵਿਚ ਹਰ ਤਰ੍ਹਾਂ ਦੀ ਸਰਜਰੀ, ਕੈਂਸਰ ਦਾ ਇਲਾਜ, ਦਿਲ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਸ਼ਾਮਲ ਹਨ |