ਸੰਗਰੂਰ, 24 ਜਨਵਰੀ (ਧੀਰਜ ਪਸ਼ੌਰੀਆ) - ਧਰਮ ਕੰਡਾ ਟਰੱਕ ਯੂਨੀਅਨ ਸੰਗਰੂਰ-ਕੰਮੋਮਾਜਰਾ ਰੋਡ ਉੱਪਰ ਚੱਲ ਰਹੀ ਹੱਡਾ ਰੋੜੀ ਨੂੰ ਅਣਅਧਿਕਾਰਤ ਅਤੇ ਗੈਰ ਕਾਨੂੰਨੀ ਦੱਸਦਿਆਂ ਅਤੇ ਨਜ਼ਦੀਕੀ ਕਲੋਨੀਆਂ ਦੇ ਵਾਸੀਆਂ ਦੀ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਸਮਾਜ ਸੇਵੀ ਸੰਸਥਾ ਨੋਬਲ ਹੈਲਪਿੰਗ ਹੈਂਡਜ ਫਾਊਾਡੇਸ਼ਨ ਸੰਗਰੂਰ ਦਾ ਇੱਕ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਇਸ ਸਮੱਸਿਆ ਦੇ ਹੱਲ ਲਈ ਮੰਗ ਪੱਤਰ ਦਿੱਤਾ | ਮੰਗ ਪੱਤਰ ਵਿਚ ਇੱਥੇ ਚੱਲ ਰਹੀ ਹੱਡਾ ਰੋੜੀ ਨੂੰ ਨਾਜਾਇਜ਼ ਧੰਦਾ ਦੱਸਦਿਆਂ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਮਾਨ ਕਲੋਨੀ, ਸੋਹੀਆਂ ਰੋਡ ਅਤੇ ਮਹਿਲਾਂ ਰੋਡ ਸਥਿਤ ਕਲੋਨੀਆਂ ਵਿਚ ਰਹਿੰਦੇ ਵਾਸੀਆਂ ਦਾ ਇਸ ਹੱਡਾ ਰੋੜੀ ਕਾਰਨ ਰਹਿਣਾ ਦੁੱਭਰ ਹੋਇਆ ਪਿਆ ਹੈ, ਜਦੋਂ ਹਵਾ ਦਾ ਰੁੱਖ ਇਨ੍ਹਾਂ ਕਲੋਨੀਆਂ ਵੱਲ ਚੱਲਦਾ ਹੈ ਤਾਂ ਬਦਬੂ ਕਾਰਨ ਉਨ੍ਹਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ | ਇਹੀ ਬਦਬੂ ਇੱਥੇ ਰਹਿੰਦੇ ਲੋਕਾਂ ਲਈ ਕਈ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ | ਮੰਗ ਪੱਤਰ ਵਿਚ ਕਿਹਾ ਗਿਆ ਕਿ ਇਸ ਹੱਡਾ ਰੋੜੀ ਵਿਚ ਮਰੇ ਹੋਏ ਪਸ਼ੂ ਸਿਰਫ਼ ਸੰਗਰੂਰ ਮਿੳਾੂਸੀਪਲ ਖੇਤਰ ਵਿਚੋਂ ਹੀ ਨਹੀਂ ਆਉਂਦੇ ਬਲਕਿ ਕਈ ਹੋਰ ਸ਼ਹਿਰਾਂ ਵਿਚੋਂ ਵੀ ਮਰੇ ਹੋਏ ਪਸ਼ੂ ਇੱਥੇ ਲਿਆਂਦੇ ਜਾਂਦੇ ਹਾਂ | ਇੰਨੀਂ ਵੱਡੀ ਤਾਦਾਦ ਵਿਚ ਮਿ੍ਤਕ ਪਸ਼ੂਆਂ ਦਾ ਇੱਥੇ ਲਿਆਉਣਾ ਵੱਡੀ ਜਾਂਚ ਦਾ ਵਿਸ਼ਾ ਹੈ | ਸੰਸਥਾ ਨੇ ਮੰਗ ਕੀਤੀ ਕਿ ਇਸ ਮਸਲੇ ਦੀ ਉੱਚ ਪੱਧਰੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ ਅਤੇ ਇਸ ਹੱਡਾ ਰੋੜੀ ਨੂੰ ਆਬਾਦੀ ਤੋਂ ਦੂਰ ਲਿਜਾਇਆ ਜਾਵੇ |