ਸੰਗਰੂਰ, 27 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਵਿਗਾੜਨ ਲਈ ਗੈਂਗਸਟਰਾਂ ਦੀ ਪੁਸਤਪਨਾਹੀ ਕਰ ਰਹੀ ਹੈ | ਸਥਾਨਕ ਪੁਲਿਸ ਲਾਇਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਫ ਸੁਥਰਾ ਮਾਹੌਲ ਰੱਖਣ ਲਈ ਕੇਂਦਰ ਨੂੰ ਆਪਣੀ ਨੀਤੀ ਬਦਲਣੀ ਪਵੇਗੀ | ਸ. ਸੰਧਵਾਂ ਨੇ ਕਿਹਾ ਕਿ ਭਾਜਪਾ ਦੀ ਪਹੁੰਚ ਦੇਸ਼ ਪ੍ਰਤੀ ਠੀਕ ਨਹੀਂ ਹੈ | ਕਾਨੂੰਨ ਬਣਾ ਦਿੱਤਾ ਗਿਆ ਹੈ ਕਿ ਕਿਸੇ ਗੈਂਗਸਟਰ ਨੂੰ ਕਿਸੇ ਦੂਜੇ ਰਾਜ ਵਿਚੋਂ ਕੋਈ ਰਾਜ ਪੁੱਛਗਿੱਛ ਲਈ ਨਹੀਂ ਬੁਲਾ ਸਕੇਗਾ | ਇਸ ਤੋਂ ਸਪਸ਼ਟ ਹੈ ਕਿ ਕੇਂਦਰ ਸਰਕਾਰ ਗੈਂਗਸਟਰਾਂ ਨੂੰ ਹੱਲਸ਼ੇਰੀ ਦੇ ਰਹੀ ਹੈ | ਇਸ ਮੌਕੇ ਵਿਧਾਇਕ ਬੀਬਾ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਅਤੇ ਮਾਰਕੀਟ ਕਮੇਟੀ ਦੀ ਚੇਅਰਮੈਨ ਅਵਤਾਰ ਸਿੰਘ ਈਲਵਾਲ ਵੀ ਮੌਜੂਦ ਸਨ |