ਸੰਗਰੂਰ, 28 ਜਨਵਰੀ (ਧੀਰਜ ਪਸ਼ੌਰੀਆ) - ਜੱਜ ਮਨਪ੍ਰੀਤ ਕੌਰ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਜਸਵੀਰ ਸਿੰਘ ਸਰਾਓ ਵਲੋਂ ਕੀਤੀ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਸੜਕ ਹਾਦਸੇ ਵਿਚ ਹੋਈ ਮੌਤ ਦੇ ਇੱਕ ਮਾਮਲੇ ਵਿਚੋਂ ਕਾਰ ਡਰਾਈਵਰ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਲੌਂਗੋਵਾਲ ਵਿਖੇ 23 ਅਕਤੂਬਰ 2022 ਨੂੰ ਦਰਜ ਮਾਮਲੇ ਮੁਤਾਬਕ ਲਖਵੀਰ ਸਿੰਘ ਉਰਫ਼ ਲੱਖੀ ਬਾਸੀ ਕੁੰਨਰਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੀ ਕਾਰ ਉੱਤੇ ਅਤੇ ਉਸ ਦੇ ਚਾਚੇ ਦਾ ਲੜਕਾ ਬਲਵਿੰਦਰ ਸਿੰਘ ਮੋਟਰਸਾਈਕਲ ਉੱਤੇ ਪਿੰਡ ਕੁੰਨਰਾ ਆ ਰਹੇ ਸੀ ਜਦੋਂ ਉਹ ਲੌਂਗੋਵਾਲ ਦੇ ਨੇੜੇ ਪੁੱਜੇ ਤਾਂ ਸਾਹਮਣੇ ਇੱਕ ਚਿੱਟੇ ਰੰਗ ਦੀ ਕਾਰ ਆਈ ਜੋ ਮੋਟਰਸਾਈਕਲ ਵਿਚ ਵੱਜੀ, ਜੋ ਮੋਟਰਸਾਈਕਲ ਅਤੇ ਸਵਾਰ ਬਲਵਿੰਦਰ ਸਿੰਘ ਨੂੰ ਘੜੀਸ ਕੇ ਅੱਗੇ ਤੱਕ ਲੈ ਗਈ | ਕਾਰ ਚਾਲਕ ਆਪਣੀ ਕਾਰ ਨੂੰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਬਾਅਦ ਵਿਚ ਪਤਾ ਲੱਗਿਆ ਕਿ ਇਸ ਕਾਰ ਨੂੰ ਗੋਬਿੰਦ ਸਿੰਘ ਬਾਸੀ ਝਾੜੋਂ ਚਲਾ ਰਿਹਾ ਸੀ | ਜ਼ਖਮੀ ਹੋਏ ਬਲਵਿੰਦਰ ਸਿੰਘ ਨੂੰ ਕਾਰ ਵਿਚ ਸਿਵਲ ਹਸਪਤਾਲ ਲੌਂਗੋਵਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਪੁਲਿਸ ਨੇ ਗੋਬਿੰਦ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ | ਹੁਣ ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ ਉੱਤੇ ਕਾਰ ਡਰਾਈਵਰ ਗੋਬਿੰਦ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |