ਫ਼ਾਜ਼ਿਲਕਾ, 28 ਜਨਵਰੀ (ਅਮਰਜੀਤ ਸ਼ਰਮਾ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ ) ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਸਥਾਨਕ ਹੋਟਲ ਸਿਟੀ ਵਿਲਾ ਵਿਖੇ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਕੇਂਦਰ ਦੀ ਨਵੀਂ ਸਿੱਖਿਆ ਨੀਤੀ 'ਤੇ ਪ੍ਰਭਾਵਸ਼ਾਲੀ ਕਨਵੈੱਨਸ਼ਨ ਕੀਤੀ ਗਈ | ਜਿਸ ਵਿਚ ਜ਼ਿਲ੍ਹੇ ਭਰ ਤੋਂ ਅਧਿਆਪਕਾਂ ਤੇ ਇਸਤਰੀ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਕਨਵੈੱਨਸ਼ਨ ਨੂੰ ਸੰਬੋਧਨ ਕਰਨ ਲਈ ਮੁੱਖ ਬੁਲਾਰੇ ਸਾਥੀ ਰਾਧੇ ਸ਼ਾਮ ਯਾਦਵ (ਰਾਜਸਥਾਨ) ਪ੍ਰਮੁੱਖ ਆਗੂ ਸਕੂਲ ਟੀਚਰਜ਼ ਫੈਡਰੇਸ਼ਨ ਆਫ਼ ਇੰਡੀਆ, ਹਰਭਜਨ ਸਿੰਘ ਖੁੰਗਰ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਫ਼ਾਜ਼ਿਲਕਾ, ਮੇਜਰ ਸਿੰਘ ਅਧਿਆਪਕ ਆਗੂ ਅਤੇ ਸੁਰਿੰਦਰ ਕੰਬੋਜ ਸੂਬਾ ਜਨਰਲ ਸਕੱਤਰ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਕਨਵੈੱਨਸ਼ਨ ਵਿਚ ਉਚੇਚੇ ਤੋਰ 'ਤੇ ਸ਼ਾਮਿਲ ਹੋਏ | ਗੌਰਮਿੰਟ ਟੀਚਰ ਯੂਨੀਅਨ ਪੰਜਾਬ (ਵਿਗਿਆਨਿਕ) ਦੀ ਕਨਵੈੱਨਸ਼ਨ ਵਿਚ ਜੁੜੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਰਾਧੇ ਸ਼ਾਮ ਯਾਦਵ ਪ੍ਰਮੁੱਖ ਆਗੂ (ਰਾਜਸਥਾਨ) ਸਕੂਲ ਟੀਚਰ ਫੈਡਰੇਸ਼ਨ ਆਫ਼ ਇੰਡੀਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਨਵੀਂ ਸਿੱਖਿਆ ਨੀਤੀ 2020 ਲਾਗੂ ਕਰਕੇ ਦੇਸ਼ ਦੀ ਸਿੱਖਿਆ ਵਿਵਸਥਾ ਨੂੰ ਤਬਾਹ ਕੀਤਾ ਜਾ ਰਿਹਾ ਹੈ | ਅਧਿਆਪਕਾਂ ਨੂੰ ਗੈਰ-ਵਿੱਦਿਅਕ ਕੰਮਾਂ ਵਿਚ ਉਲਝਾ ਕੇ ਅਧਿਆਪਕ ਅਤੇ ਵਿਦਿਆਰਥੀਆਂ ਵਿਚਕਾਰ ਪਾੜਾ ਵਧਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਨਰਮੰਦ ਸਿੱਖਿਆ ਸਿਰਫ਼ ਇਕ ਛਲਾਵਾ ਹੈ ਅਤੇ ਪੁਰਾਣੀ ਪੈਨਸ਼ਨ ਸਕੀਮ ਤੋਂ ਵਾਂਝੇ ਕਰਕੇ ਅਧਿਆਪਕ ਸੜਕਾਂ 'ਤੇ ਸੰਘਰਸ਼ ਕਰਨ ਲਈ ਮਜਬੂਰ ਹਨ | ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ ਵਿਚ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਅਤੇ ਸਿੱਖਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ | ਕਨਵੈੱਨਸ਼ਨ ਨੂੰ ਸੰਬੋਧਨ ਕਰਦਿਆਂ ਸਾਥੀ ਹਰਭਜਨ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਵਪਾਰਕ ਨੀਤੀਆਂ ਕਾਰਨ ਦੇਸ਼ ਨੂੰ ਗ਼ੁਲਾਮੀ ਵੱਲ ਧੱਕਿਆ ਜਾ ਰਿਹਾ ਹੈ | ਕਾਰਪੋਰੇਟ ਮਾਡਲ ਰਾਹੀ ਸਿੱਖਿਆ ਲੋਕਾਂ ਤੋ ਦੂਰ ਹੋ ਜਾਏਗੀ | ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਨੂੰ ਇਹ ਲੜਾਈ ਸ਼ਿੱਦਤ ਨਾਲ ਲੜਨੀ ਹੋਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਨੀਤੀਆਂ ਨੂੰ ਜਿਉਂ ਦਾ ਤਿਉਂ ਲਾਗੂ ਕਰ ਰਹੀ ਹੈ | ਆਪ ਸਰਕਾਰ ਦੀਆ ਗਰੰਟੀਆਂ ਝੂਠ ਸਾਬਤ ਹੋਈਆ ਹਨ | ਪੈਨਸ਼ਨਰਜ਼ ਤੇ ਛੇਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਹੀਂ ਹੋਈਆਂ ਅਤੇ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਭੱਤੇ ਅਜੇ ਵੀ ਬੰਦ ਹਨ | ਭਗਵੰਤ ਸਰਕਾਰ 16 ਪ੍ਰਤੀਸ਼ਤ ਡੀ.ਏ ਦੇਣ ਵਿਚ ਨਾਕਾਮ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਤੇ ਰਾਜਾ ਦੀਆ ਟਰੇਡ ਯੂਨੀਅਨਾਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਦੀ ਨੀਤੀਆਂ ਖ਼ਿਲਾਫ਼ 12 ਫਰਵਰੀ 2026 ਦੀ ਦੇਸ਼ ਵਿਆਪੀ ਹੜਤਾਲ ਹੋਣ ਜਾ ਰਹੀ ਹੈ | ਉਨ੍ਹਾਂ ਇਸ ਨੂੰ ਸਫਲ ਬਣਾਉਣ ਦਾ ਸਦਾ ਦਿੱਤਾ | ਇਸ ਮੌਕੇ ਰੇਸ਼ਮ ਸਿੰਘ, ਕਪਿਲ ਕਪੂਰ, ਰਜੀਵ ਕੁਮਾਰ, ਬਲਜਿੰਦਰ ਕੁਮਾਰ, ਪ੍ਰੇਮ ਚੰਦ, ਅਸ਼ੋਕ ਕੁਮਾਰ, ਪਰਮਜੀਤ ਸਿੰਘ, ਮਨਜੀਤ ਕੌਰ, ਰਿੰਕੂ ਬਾਲਾ, ਅੰਜੂ ਰਾਣੀ, ਪ੍ਰਵੀਨ ਕੁਮਾਰੀ, ਸੁਨੀਤਾ ਰਾਣੀ, ਕਰਮਜੀਤ ਕੌਰ, ਸ਼ਾਲੂ ਰਾਣੀ, ਸੋਨਿਕਾ, ਰਾਜ ਕੁਮਾਰ, ਗੁਰਿੰਦਰ ਸਿੰਘ, ਪ੍ਰੇਮ ਸਿੰਘ, ਸੁਖਵਿੰਦਰ ਸਿੰਘ, ਸੰਜੀਵ ਕੁਮਾਰ, ਓਮ ਪ੍ਰਕਾਸ਼, ਦਰਸ਼ਨ ਲਾਲ, ਰਜਨੀਸ਼ ਕੁਮਾਰ, ਵਰੁਨ ਰੂਮੜਾ, ਹਰੀਸ਼ ਕੁਮਾਰ, ਅਰੁਣ ਲੂਣਾ, ਸੁਭਾਸ਼ ਚੰਦਰ, ਗਗਨਦੀਪ, ਗੁਰਸੇਵਕ, ਰਵਿੰਦਰ ਲੱਖੋਵਾਲੀ, ਅਮਨ ਹਾਂਡਾ, ਤਰਸੇਮ ਕੁਮਾਰ, ਨਿਰਵੈਰ ਸਮੇਤ ਅਨੇਕਾਂ ਅਧਿਆਪਕ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਰਹੇ |