29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਹਲਕੀ ਗੜੇਮਾਰੀ ਤੇ ਭਾਰੀ ਮੀਂਹ ਕਾਰਨ ਆਲੂ ਤੇ ਸਰੋਂ੍ਹ ਦੀ ਫ਼ਸਲ ਹੋਈ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 29-01-2026
ਮਲੇਰਕੋਟਲਾ, 28 ਜਨਵਰੀ (ਮਨਜਿੰਦਰ ਸਿੰਘ ਸਰੌਦ) - ਪਿਛਲੇ ਦਿਨਾਂ ਤੋਂ ਜ਼ਿਲ੍ਹਾ ਮਲੇਰਕੋਟਲਾ ਦੇ ਕਈ ਇਲਾਕਿਆਂ ਅੰਦਰ ਹਲਕੀ ਗੜੇਮਾਰੀ ਤੇ ਭਾਰੀ ਮੀਂਹ ਪੈਣ ਦੇ ਕਾਰਨ ਆਲੂ ਤੇ ਸਰੋਂ੍ਹ ਦੀ ਫ਼ਸਲ ਦੇ ਨੁਕਸਾਨੇ ਜਾਣ ਦਾ ਖ਼ਦਸ਼ਾ ਹੈ | ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਿਹੜੇ ਕਿਸਾਨਾਂ ਵਲੋਂ ਆਪਣੇ ਖੇਤਾਂ ਦੇ ਅੰਦਰ ਆਲੂ ਦੀ ਫ਼ਸਲ ਦੀ ਬਿਜਾਈ ਕੀਤੀ ਗਈ ਸੀ ਹੁਣ ਉਨ੍ਹਾਂ ਦੇ ਖੇਤਾਂ ਅੰਦਰ ਜ਼ਿਆਦਾ ਪਾਣੀ ਭਰਨ ਕਾਰਨ ਆਲੂ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਡਰ ਸਤਾ ਰਿਹਾ ਹੈ | ਅਗਾਂਹਵਧੂ ਕਿਸਾਨਾਂ ਮਨਦੀਪ ਸਿੰਘ ਰੰਗੀ, ਜਥੇਦਾਰ ਅਮਰਜੀਤ ਸਿੰਘ, ਰਣਜੀਤ ਸਿੰਘ ਤੇ ਜਥੇਦਾਰ ਸ਼ੇਰ ਸਿੰਘ ਨੇ ਆਖਿਆ ਕਿ ਭਾਵੇਂ ਇਹ ਮੀਂਹ ਕਣਕ ਦੀ ਫ਼ਸਲ ਲਈ ਲਾਭਦਾਇਕ ਮੰਨਿਆ ਜਾ ਰਿਹਾ ਸੀ ਪਰ ਪਿਛਲੇ ਦਿਨਾਂ ਤੋਂ ਭਾਰੀ ਮੀਂਹ ਤੇ ਹੋਈ ਹਲਕੀ ਗੜੇਮਾਰੀ ਨੇ ਕਈ ਫ਼ਸਲਾਂ ਨੂੰ ਜਿੱਥੇ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਹੁਣ ਜ਼ਮੀਨ ਦੇ ਛਾਬੜ ਹੋਣ ਕਾਰਨ ਖੇਤ ਵਿਚ ਖੜ੍ਹਾ ਪਾਣੀ ਲੰਬਾ ਸਮਾਂ ਨਹੀਂ ਸੁੱਕੇਗਾ | ਜਿਸ ਦੇ ਚੱਲਦਿਆਂ ਪੁਟਾਈ ਤਾਂ ਪ੍ਰਭਾਵਿਤ ਹੋਵੇਗੀ ਹੀ ਪਰ ਉਸ ਦੇ ਨਾਲ ਹੀ ਆਲੂ ਦੀ ਫ਼ਸਲ ਦਾ ਨੁਕਸਾਨ ਵੀ ਹੋ ਸਕਦਾ ਹੈ | ਉੱਘੇ ਕਿਸਾਨ ਗੁਰਪ੍ਰੀਤ ਸਿੰਘ ਬੇਰ ਕਲਾਂ ਨੇ ਆਖਿਆ ਕਿ ਅਗੇਤੇ ਆਲੂ ਦੀ ਪੁਟਾਈ 5 ਫਰਵਰੀ ਤੋਂ ਬਾਅਦ ਸ਼ੁਰੂ ਹੋ ਜਾਣੀ ਸੀ ਪਰ ਮੀਂਹ ਤੇ ਹਲਕੀ ਗੜੇਮਾਰੀ ਨੇ ਕਈ ਖ਼ਿੱਤਿਆਂ ਅੰਦਰ ਆਲੂ ਦੀ ਵੇਲ ਤੇ ਪੁਟਾਈ ਦਾ ਨੁਕਸਾਨ ਕੀਤਾ ਹੈ | ਕਈ ਕਿਸਾਨਾਂ ਨੇ ਕਿਹਾ ਕਿ ਮੀਂਹ ਤੇ ਗੜੇਮਾਰੀ ਨੇ ਆਲੂ ਦੀ ਪਛੇਤੀ ਫ਼ਸਲ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ | ਜਿਹੜੇ ਕਿਸਾਨਾਂ ਵਲੋਂ ਆਪਣੇ ਖੇਤਾਂ ਅੰਦਰ ਸਰੋਂ੍ਹ ਦੀ ਫ਼ਸਲ ਦੀ ਕਾਸ਼ਤ ਕੀਤੀ ਗਈ ਸੀ ਉੱਥੇ ਵੀ ਸਰੋਂ੍ਹ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਵੇਖਿਆ ਗਿਆ | ਕਿਉਂਕਿ ਸਰੋਂ੍ਹ ਨੂੰ ਮੌਜੂਦਾ ਸਮੇਂ ਫਲ ਆਇਆ ਹੋਣ ਕਾਰਨ ਉਸ ਦਾ ਫਲ ਝੜ ਗਿਆ | ਕੁੱਲ ਮਿਲਾ ਕੇ ਜਿੱਥੇ ਖੇਤੀਬਾੜੀ ਮਾਹਿਰਾਂ ਵਲੋਂ ਸਰਦ ਰੁੱਤ ਦੇ ਇਸ ਮੀਂਹ ਨੂੰ ਕਣਕ ਦੀ ਫ਼ਸਲ ਲਈ ਨਿਆਮਤ ਮੰਨਿਆ ਜਾ ਰਿਹਾ ਸੀ ਉੱਥੇ ਹੀ ਹੁਣ ਜ਼ਿਆਦਾ ਮੀਂਹ ਤੇ ਹਲਕੀ ਗੜੇਮਾਰੀ ਆਲੂ ਤੇ ਸਰੋਂ੍ਹ ਸਣੇ ਹੋਰ ਕਈ ਫ਼ਸਲਾਂ ਲਈ ਅਲਾਮਤ ਬਣਦੀ ਜਾ ਰਹੀ ਹੈ | ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਦਰਦ ਵੱਖਰਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਕਈ ਨੀਵੇਂ ਖੇਤਾਂ ਅੰਦਰ ਜ਼ਿਆਦਾ ਪਾਣੀ ਖੜਨ ਕਾਰਨ ਸਬਜ਼ੀ ਦੀ ਫ਼ਸਲ ਦੇ ਨੁਕਸਾਨ ਦਾ ਖ਼ਤਰਾ ਵੀ ਸਿਰ 'ਤੇ ਮੰਡਰਾ ਰਿਹਾ ਹੈ ਉਨ੍ਹਾਂ ਵਲੋਂ ਹੱਡ-ਭੰਨਵੀਂ ਮਿਹਨਤ ਤੋਂ ਬਾਅਦ ਹਜ਼ਾਰਾਂ ਰੁਪਏ ਸਬਜ਼ੀ ਬੀਜਣ 'ਤੇ ਖ਼ਰਚ ਕੀਤੇ ਹਨ | ਜਿਹੜੇ ਕਿਸਾਨਾਂ ਵਲੋਂ ਆਪਣੀ ਫ਼ਸਲ ਦੀ ਪਹਿਲਾਂ ਸਿੰਚਾਈ ਕੀਤੀ ਗਈ ਸੀ ਉਨ੍ਹਾਂ ਕਈ ਕਿਸਾਨਾਂ ਵਲੋਂ ਆਪਣੇ ਨੀਵੇਂ ਖੇਤਾਂ 'ਚੋਂ ਮੀਂਹ ਦੇ ਪਾਣੀ ਨੂੰ ਕੱਢਣ ਦੇ ਲਈ ਜੁਗਾੜ ਵੀ ਕੀਤੇ ਜਾ ਰਹੇ ਹਨ ਤਾਂ ਕਿ ਫ਼ਸਲ ਨੂੰ ਬਚਾਇਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਵਿਖੇ ਮੈਰਾਥਨ ਦੌੜ 1 ਫ਼ਰਵਰੀ ਨੂੰ - ਡਾ. ਸੌਰਭ ਕਪੂਰ <br/> ਅਗਲੀ ਖ਼ਬਰ ਸੰਤ ਅਤਰ ਸਿੰਘ ਦੀ ਬਰਸੀ ਸੰਬੰਧੀ ਗੁਰਮਤਿ ਸਮਾਗਮ 30 ਤੋਂ, ਤਿਆਰੀਆਂ ਮੁਕੰਮਲ <br/>
Ad Position 24