ਸੰਗਰੂਰ, 30 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਵਿਖੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਲੋਂ ਸ਼ਾਖਾ ਦੇ ਸਿਲਵਰ ਜੁਬਲੀ ਸਥਾਪਨਾ ਦਿਵਸ ਮੌਕੇ ਨਵੇਂ ਆਡੀਟੋਰੀਅਮ ਤੇ ਅਜਾਇਬ ਘਰ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ, ਜੋ ਕਿ ਨਿਰੰਤਰ ਜਾਰੀ ਹੈ | ਇਸੇ ਸੰਬੰਧ ਵਿਚ ਬੀਬੀ ਇੰਦਰਜੀਤ ਕੌਰ ਮੁੱਖ ਸੇਵਾਦਾਰ ਚੈਰੀਟੇਬਲ ਸੁਸਾਇਟੀ ਨੇ ਸ਼ਾਖਾ ਵਿਖੇ ਪਹੁੰਚੇ ਅਤੇ ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਅਤੇ ਉਸਾਰੀ ਅਧੀਨ ਬਿਲਡਿੰਗ ਦਾ ਨਿਰੀਖਣ ਕੀਤਾ | ਉਨ੍ਹਾਂ ਦੇ ਨਾਲ ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ ਦੀ ਅਗਵਾਈ ਵਿਚ ਸਲਾਹਕਾਰ ਕਮੇਟੀ ਦੇ ਮੈਂਬਰ ਸੁਰਿੰਦਰ ਪਾਲ ਸਿੰਘ ਸਿਦਕੀ ਪੀ. ਆਰ. ਓ., ਪਿ੍ੰਸੀਪਲ ਬਲਵੰਤ ਸਿੰਘ ਈਲਵਾਲ, ਜਰਨੈਲ ਸਿੰਘ ਅਕੋਈ, ਗੁਰਮੇਲ ਸਿੰਘ ਸਿੱਧੂ, ਮੇਜਰ ਸਿੰਘ ਧੂਰੀ ਵੀ ਹਾਜ਼ਰ ਸਨ | ਸੁਖਵੀਰ ਸਿੰਘ ਥਲੇਸਾਂ ਠੇਕੇਦਾਰ ਨਾਲ ਬੀਬੀ ਜੀ ਨੇ ਗੱਲਬਾਤ ਕੀਤੀ ਅਤੇ ਬਿਲਡਿੰਗ ਨਿਰਮਾਣ ਸੰਬੰਧੀ ਦਿਸ਼ਾ ਨਿਰਦੇਸ਼ ਦਿੱਤੇ | ਹਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ 200*50 ਗੱਜ ਦੇ ਇਸ ਕੁਲ ਕੰਪਲੈਕਸ ਦੀ ਉਸਾਰੀ ਤੇ 5 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਹੈ |