ਅਮਰਗੜ੍ਹ, 31 ਜਨਵਰੀ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਪਾਸੇ ਲਗਾਉਣ ਦੇ ਮਕਸਦ ਨਾਲ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਲੋਂ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ | ਇਸੇ ਕੜੀ ਤਹਿਤ ਅੱਜ ਹਰਨਾਮਾ ਕਲੋਨੀ ਅਤੇ ਗਿਆਨੀ ਜੈਲ ਸਿੰਘ ਕਾਲੋਨੀ ਵਿਖੇ ਵਿਧਾਇਕ ਵਲੋਂ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਵੰਡਿਆ ਗਿਆ | ਇਸ ਮੌਕੇ ਹਾਜ਼ਰ ਨੌਜਵਾਨਾਂ ਅਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੱਜਣਮਾਜਰਾ ਨੇ ਕਿਹਾ ਕਿ ਮੈਂ ਨਿੱਜੀ ਤੌਰ ਤੇ ਵਿਸ਼ੇਸ਼ ਦਿਲਚਸਪੀ ਲੈ ਕੇ ਇਹ ਖੇਡ ਕਿੱਟਾਂ ਤਿਆਰ ਕਰਵਾਈਆਂ ਹਨ ਤਾਂ ਜੋ ਹਲਕੇ ਦਾ ਕੋਈ ਵੀ ਖਿਡਾਰੀ ਖੇਡਾਂ ਦੇ ਸਾਮਾਨ ਦੀ ਘਾਟ ਕਾਰਨ ਪਿੱਛੇ ਨਾ ਰਹੇ | ਮੇਰਾ ਮੁੱਖ ਟੀਚਾ ਪੂਰੇ ਹਲਕੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਨਾ ਹੈ ਤਾਂ ਜੋ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ | ਵਿਧਾਇਕ ਨੇ ਦੁਹਰਾਇਆ ਕਿ ਉਹ ਪੂਰੇ ਹਲਕੇ 'ਚ ਪੜਾਅ ਵਾਰ ਤਰੀਕੇ ਨਾਲ ਇਹ ਕਿੱਟਾਂ ਵੰਡ ਰਹੇ ਹਨ ਅਤੇ ਅਮਰਗੜ੍ਹ ਹਲਕੇ 'ਚ ਪੰਜਾਬ ਸਰਕਾਰ ਵਲੋਂ ਖੇਡ ਸਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਨਵੇਂ ਖੇਡ ਮੈਦਾਨਾਂ ਅਤੇ ਬੁਨਿਆਦੀ ਢਾਂਚੇ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਇਸ ਮੌਕੇ ਰਾਜੀਵ ਕੁਮਾਰ ਤੋਗਾਹੇੜੀ ਨਿੱਜੀ ਸਕੱਤਰ ਵਿਧਾਇਕ ਅਮਰਗੜ੍ਹ, ਸਰਬਜੀਤ ਸਿੰਘ ਗੋਗੀ ਸਾਬਕਾ ਸਰਪੰਚ ਅਮਰਗੜ੍ਹ, ਚੌਧਰੀ ਨਸੀਰ ਅਹਿਮਦ, ਸੁਖਵਿੰਦਰ ਸਿੰਘ ਸੁੱਖਾ ਸ਼ਹਿਰੀ ਪ੍ਰਧਾਨ ਆਪ, ਜਸਮਿੰਦਰ ਸਿੰਘ ਜੱਸੀ, ਸਰਪੰਚ ਰੋਸੀ ਤੋਲਾਵਾਲ, ਰਾਜਿੰਦਰ ਸਿੰਘ ਹੈਪੀ, ਕੌਸਲਰ ਸ਼ਰਧਾ ਰਾਮ ਤੇ ਹਰਵਿੰਦਰ ਢਿੱਲੋਂ ਸਮੇਤ ਵੱਡੀ ਗਿਣਤੀ 'ਚ ਨੌਜਵਾਨ ਅਤੇ ਆਪ ਵਰਕਰ ਮੌਜੂਦ ਸਨ |