ਕੌਹਰੀਆਂ, 31 ਜਨਵਰੀ (ਸੁਨੀਲ ਕੁਮਾਰ ਗਰਗ) -ਨੇੜਲੇ ਪਿੰਡ ਲਾਡਬੰਜਾਰਾ ਵਿਖੇ ਸਰਕਾਰੀ ਯੂਨਾਨੀ ਡਿਸਪੈਂਸਰੀ ਲਾਡਬੰਜਾਰਾ ਵਲੋਂ ਗੁਰਦੁਆਰਾ ਸਾਹਿਬ ਦਾਨਾ ਪੱਤੀ ਵਿਖੇ ਇੱਕ ਆਯੁਰਵੈਦਿਕ ਅਤੇ ਹੋਮਿਓਪੈਥਿਕ ਸਿਹਤ ਜਾਂਚ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ | ਇਸ ਸਿਹਤ ਕੈਂਪ ਦਾ ਉਦਘਾਟਨ ਮਾਣਯੋਗ ਡਾ. ਮਲਕੀਤ ਸਿੰਘ ਘੱਗਾ ਵਲੋਂ ਕੀਤਾ ਗਿਆ | ਕੈਂਪ ਦਾ ਮੁੱਖ ਸੰਚਾਲਨ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ ਰੋਜ਼ੀ ਵਲੋਂ ਬਖ਼ੂਬੀ ਤਰੀਕੇ ਨਾਲ ਕੀਤਾ ਗਿਆ | ਕੈਂਪ ਦੌਰਾਨ ਕੁੱਲ 536 ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਵਿਚ ਪਹੁੰਚੇ ਮਰੀਜ਼ਾਂ ਨੂੰ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਸਿਹਤ ਸੰਬੰਧੀ ਜ਼ਰੂਰੀ ਸਲਾਹਾਂ ਵੀ ਪ੍ਰਦਾਨ ਕੀਤੀਆਂ ਗਈਆਂ | ਆਯੁਰਵੈਦਿਕ ਵਿਭਾਗ ਵਲੋਂ ਡਾ. ਅਮਨਦੀਪ ਭਾਰਤੀ, ਡਾ. ਰਮਨਦੀਪ ਕੁਮਾਰ ਅਤੇ ਹੋਮਿਓਪੈਥੀ ਵਿਭਾਗ ਵਲੋਂ ਡਾ ਅੰਮਿ੍ਤਪਾਲ ਸਿੰਘ ਨੇ ਮਰੀਜ਼ਾਂ ਦੀ ਧਿਆਨ ਪੂਰਵਕ ਜਾਂਚ ਕੀਤੀ | ਮਰੀਜ਼ਾਂ ਨੂੰ ਖ਼ੁਰਾਕ, ਜੀਵਨ ਸ਼ੈਲੀ ਅਤੇ ਰੋਗਾਂ ਤੋਂ ਬਚਾਅ ਸਬੰਧੀ ਮਹੱਤਵਪੂਰਨ ਜਾਣਕਾਰੀ ਵੀ ਦਿੱਤੀ ਗਈ | ਕੈਂਪ ਦੌਰਾਨ ਕੈਲਾਸ਼ ਮਿੱਤਲ, ਯੋਗੇਸ਼ ਸ਼ਰਮਾ ਅਤੇ ਕੁਲਦੀਪ ਸ਼ਰਮਾ ਵਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਇਸ ਮੌਕੇ ਸਥਾਨਕ ਸਰਪੰਚ, ਪੰਚਾਇਤ ਮੈਂਬਰ, ਸਮਾਜਸੇਵੀ ਅਤੇ ਇਲਾਕੇ ਦੇ ਪ੍ਰਮੁੱਖ ਵਿਅਕਤੀ ਵੀ ਹਾਜ਼ਰ ਰਹੇ | ਕੈਂਪ ਵਿਚ ਪਹੁੰਚੇ ਲੋਕਾਂ ਵਲੋਂ ਸਰਕਾਰੀ ਯੂਨਾਨੀ ਡਿਸਪੈਂਸਰੀ ਲਾਡਬੰਜਾਰਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ |