ਸੰਗਰੂਰ, 1 ਫ਼ਰਵਰੀ (ਸੁਖਵਿੰਦਰ ਸਿੰਘ ਫੁੱਲ) - ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ ਸ਼ਾਨਦਾਰ ਰਵਾਇਤਾਂ ਕਾਇਮ ਕਰਦੇ ਹੋਏ ਪੰਜਾਬੀ ਦੇ ਨਾਮਵਰ ਸਾਹਿਤਕਾਰ ਅਤੇ ਨਿਸ਼ਕਾਮ ਸਮਾਜ ਸੇਵੀ ਡਾ. ਸੁਰਿੰਦਰ ਕਾਹਲੋਂ ਉੱਚ ਹੋਮਿਓਪੈਥਿਕ ਚਕਿਤਸਕ ਗੁਰਦਾਸਪੁਰ ਨਾਲ ਲੇਖਕ ਮਿਲਣੀ ਦਾ ਆਯੋਜਨ ਕੀਤਾ ਗਿਆ ਹਨ ਜਿਨ੍ਹਾਂ ਨੇ ਸਿੱਖ ਇਤਿਹਾਸ ਅਤੇ ਸਮਾਜਕ ਪ੍ਰਸੰਗਾਂ ਬਾਰੇ ਉੱਚ ਪੁਸਤਕਾਂ ਲਿਖ ਕੇ ਆਪਣਾ ਨਾਂਅ ਸਥਾਪਤ ਕੀਤਾ ਹੈ | ਸਮਾਗਮ ਦੀ ਪ੍ਰਧਾਨਗੀ ਜਗਦੀਪ ਸਿੰਘ ਐਡਵੋਕੇਟ ਨੇ ਕੀਤੀ | ਡਾ. ਕਾਹਲੋਂ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਇੱਕ ਪੜ੍ਹੇ ਲਿਖੇ ਪਰਿਵਾਰ 'ਚ ਪੈਦਾ ਹੋਏ , ਪਾਕਿਸਤਾਨ ਤੋਂ ਉੱਜੜ ਕੇ ਆਏ ਅਤੇ ਵੰਡ ਦਾ ਸੰਤਾਪ ਹੰਢਾਇਆ | ਉਨ੍ਹਾਂ ਦੇ ਪਿਤਾ ਜੀ ਮੁੜ ਵਸਾਊ ਮਹਿਕਮੇ 'ਚ ਤਹਿਸੀਲਦਾਰ ਸਨ ਪਰ ਇੱਕ ਸੜਕ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋ ਗਈ | ਜਿਸ ਕਾਰਨ ਪਰਿਵਾਰ ਅਰਸ਼ ਤੋਂ ਫ਼ਰਸ਼ 'ਤੇ ਆ ਗਿਆ | ਉਨ੍ਹਾਂ ਨੇ ਉਚੇਰੀ ਸਿੱਖਿਆ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾਖਲਾ ਲਿਆ ਜਿੱਥੇ ਐਮ.ਏ. ਪੰਜਾਬੀ ਕੀਤੀ | ਕੇਰਲਾ ਦੇ ਇੰਸਟੀਚਿਊਟ ਤੋਂ ਦੋ ਸਾਲ ਦਾ ਕੋਰਸ ਕਰਕੇ ਹੋਮਿਉਪੈਥੀ ਚਿਕਿਤਸਿਕ ਬਣ ਗਏ | ਉਹ ਪਿਛਲੇ ਪੰਜਾਹ ਸਾਲ ਤੋਂ ਇਸ ਖੇਤਰ ਵਿਚ ਕੰਮ ਕਰ ਰਹੇ ਹਨ | ਉਨ੍ਹਾਂ ਦੀਆਂ ਚਾਰ ਧਾਰਮਿਕ ਪੁਸਤਕਾਂ ਛਪ ਚੁੱਕੀਆਂ ਹਨ | ਲੋਕਾਂ ਨੂੰ ਸਿਹਤ ਦੇ ਨਾਲ ਗਿਆਨ ਵੰਡਣ ਲਈ 'ਗਿਆਨ ਪ੍ਰਭਾਤ ਪੇਂਡੂ ਪੁਸਤਕਾਲਾ' ਗੁਰਦਾਸਪੁਰ ਕਾਇਮ ਕੀਤਾ ਹੈ | ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸਿਹਤ ਦਾ ਸੁਧਾਰ ਅਤੇ ਗਿਆਨ ਵੰਡ ਕੇ ਪ੍ਰਸੰਨਤਾ ਹੁੰਦੀ ਹੈ | ਡਾ. ਤੇਜਵੰਤ ਮਾਨ ਸਾਹਿਤ ਰਤਨ ਨੇ ਕਿਹਾ ਕਿ ਡਾ. ਸੁਰਿੰਦਰ ਕਾਹਲੋਂ ਨੇ ਛੇ ਦਹਾਕਿਆਂ ਤੋਂ ਨਿਰੰਤਰ ਸਾਹਿਤ ਸਿਰਜਣਾ ਕਰ ਕੇ ਅਤੇ ਲੱਖਾਂ ਲੋਕਾਂ ਦੀ ਸਿਹਤ ਸੁਧਾਰ ਕੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ | ਅਜਿਹੇ ਨਿਸ਼ਕਾਮ ਸਾਹਿਤਕਾਰਾਂ ਦੇ ਸਦਕਾ ਮਾਂ ਬੋਲੀ ਪੰਜਾਬੀ ਅਨੇਕਾਂ ਚੱਖੜਾਂ-ਝੋਲਿਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਸਕੀ ਹੈ | ਇਸ ਮੌਕੇ 'ਤੇ ਨਿਹਾਲ ਸਿੰਘ ਮਾਨ ਨੇ ਗੁਰਬਾਣੀ ਦੀ ਲਿਪੀ ਸਬੰਧੀ ਕਈ ਨੁਕਤੇ ਸਾਂਝੇ ਕੀਤੇ | ਡਾ. ਸੁਰਿੰਦਰ ਕਾਹਲੋਂ ਨੂੰ ਪੰਜਾਬੀ ਸਾਹਿਤ ਸਭਾ ਵਲੋਂ ਸਨਮਾਨਿਤ ਕੀਤਾ ਗਿਆ, ਲੇਖਕਾਂ ਨੇ ਆਪਣੀਆਂ ਪੁਸਤਕਾਂ ਭੇਟ ਕੀਤੀਆਂ | ਇਸ ਮੌਕੇ ਡਾ. ਭਗਵੰਤ ਸਿੰਘ , ਡਾ. ਦਵਿੰਦਰ ਕੌਰ , ਉੱਘੇ ਖ਼ੋਜੀ ਗੁਰਨਾਮ ਸਿੰਘ, ਚਰਨ ਸਿੰਘ ਸੁਖ, ਸੰਦੀਪ ਸਿੰਘ, ਅਰੁਨਦੀਪ ਸਿੰਘ, ਡਾ. ਵਿਕਾਸ ਪੁਰੀ ਆਦਿ ਅਨੇਕਾਂ ਸਾਹਿਤਕਾਰਾਂ ਨੇ ਵਿਚਾਰ ਚਰਚਾ ਵਿਚ ਭਾਗ ਲਿਆ |