ਮਲੇਰਕੋਟਲਾ, 2 ਫਰਵਰੀ (ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਵਿਖੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਜ਼ਿਲ੍ਹਾ ਮਲੇਰਕੋਟਲਾ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਵਿਖੇ ਹੋਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਕਿਸਾਨ ਜਥੇਬੰਦੀ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਤੇ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਨੰਡਾਆਲੀ ਹਾਜ਼ਰ ਰਹੇ | ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਬਹਿਰੂ ਨੇ ਕਿਹਾ ਕਿ ਪਿਛਲੇ ਪਾਰਲੀਮੈਂਟ ਸੈਸ਼ਨ ਦੌਰਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠਾਂ ਆ ਕੇ ਬਿਜਲੀ ਸੋਧ ਬਿੱਲ ਤੇ ਬੀਜ ਸੋਧ ਬਿੱਲ ਵਰਗੇ ਕਿਸਾਨ ਵਿਰੋਧੀ ਫ਼ੈਸਲਿਆਂ 'ਤੇ ਮੋਹਰ ਲਗਾਈ ਤੇ ਇਸ ਤੋਂ ਵੀ ਖ਼ਤਰਨਾਕ ਦੇਸ਼ ਦੇ ਕਰੋੜਾਂ ਲੋਕਾਂ ਦੀ ਰੋਟੀ ਰੋਜ਼ੀ ਨਾਲ ਜੁੜੇ ਮਨਰੇਗਾ ਸਕੀਮ 'ਤੇ ਵੀ ਪਾਣੀ ਫੇਰ ਦਿੱਤਾ | ਉਨ੍ਹਾਂ ਇਹ ਵੀ ਖ਼ਦਸ਼ਾ ਜਤਾਇਆ ਕਿ ਪਾਰਲੀਮੈਂਟ ਸੈਸ਼ਨ ਜੋ ਸਾਲਾਨਾ ਬਜਟ ਪੇਸ਼ ਕਰਨ ਲਈ ਸ਼ੁਰੂ ਹੋਇਆ ਹੈ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਅਮਰੀਕਾ ਵਰਗੇ ਤਾਕਤਵਰ ਦੇਸ਼ ਅੱਗੇ ਗੋਡੇ ਟੇਕ ਕੇ ਭਾਰਤ ਸਰਕਾਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਨਾ ਕਰ ਦੇਵੇ | ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਿਕ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ 7 ਫ਼ਰਵਰੀ ਤੋਂ ਕਿਸਾਨਾਂ, ਮਜ਼ਦੂਰਾਂ ਛੋਟੇ ਕਾਰੋਬਾਰੀਆਂ ਵਲੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਇੱਕ ਲੰਬਾ ਕਿਸਾਨ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਕੇਂਦਰ ਸਰਕਾਰ ਵਲੋਂ ਲਏ ਗਏ ਲੋਕ ਮਾਰੂ ਫ਼ੈਸਲਿਆਂ ਨੂੰ ਰੋਕਿਆ ਜਾ ਸਕੇ ਤੇ ਕਿਸਾਨਾਂ ਦੀਆਂ ਕੇਂਦਰ ਸਰਕਾਰ ਵਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਤੇ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਤੇ ਲੀਕ ਮਰਵਾਈ ਜਾ ਸਕੇ | ਇਸ ਮੌਕੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਪੰਜਾਬ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਪਿੰਡ ਮਾਨਾਂ, ਜ਼ਿਲ੍ਹਾ ਮਲੇਰਕੋਟਲਾ ਦੇ ਜਰਨਲ ਸਕੱਤਰ ਦੀ ਸੇਵਾ ਚਮਕੌਰ ਸਿੰਘ ਨੂੰ ਸੌਂਪੀ ਗਈ | ਇਸ ਮੌਕੇ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਨੰਡਾਆਲੀ ਨੇ ਜਥੇਬੰਦੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ 10 ਫ਼ਰਵਰੀ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਪੰਜਾਬ ਦੀ ਹੋਣ ਵਾਲੀ ਮੀਟਿੰਗ ਵਿਚ ਸ਼ਮੂਲੀਅਤ ਕਰਨ ਤਾਂ ਕਿ ਜਥੇਬੰਦੀ ਆਪਣੀ ਅਗਲੀ ਰਣਨੀਤੀ ਤੈਅ ਕਰ ਸਕੇ | ਇਸ ਮੌਕੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਪੰਜਾਬ ਦੇ ਜਰਨਲ ਸਕੱਤਰ ਹਰਦੇਵ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |