ਸੁਨਾਮ ਊਧਮ ਸਿੰਘ ਵਾਲਾ, 2 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਭਾਰਤੀ ਜਨਤਾ ਪਾਰਟੀ ਸੰਗਰੂਰ-2 ਦੇ ਜ਼ਿਲ੍ਹਾ ਪ੍ਰਧਾਨ ਮੈਡਮ ਦਾਮਨ ਥਿੰਦ ਬਾਜਵਾ ਨੇ ਕੇਂਦਰੀ ਮੰਤਰੀ ਯੂਥ ਅਫੇਅਰਜ਼ ਅਤੇ ਸਪੋਰਟਸ (ਖੇਡਾਂ ਅਤੇ ਯੁਵਾ ਮਾਮਲੇ), ਸ਼੍ਰੀ ਮਨਸੁੱਖ ਮੰਡਾਵੀਆ ਨੂੰ ਮਿਲ ਕੇ ਸੁਨਾਮ 'ਚ ਖੇਡਾਂ ਦੇ ਬਿਹਤਰ ਢਾਂਚੇ ਅਤੇ ਖ਼ਾਸ ਕਰ ਕੇ ਬਾਕਸਿੰਗ (ਮੁੱਕੇਬਾਜ਼ੀ) ਲਈ ਆਧੁਨਿਕ ਸੁਵਿਧਾਵਾਂ ਦੀ ਮੰਗ ਰੱਖੀ | ਮੈਡਮ ਦਾਮਨ ਬਾਜਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਸੁਨਾਮ ਮੁੱਕੇਬਾਜ਼ਾਂ ਦੀ ਨਰਸਰੀ ਹੈ | ਜੇਕਰ ਇੱਥੇ ਸਹੀ ਤਰ੍ਹਾਂ ਦੀਆਂ ਸੁਵਿਧਾਵਾਂ ਅਤੇ ਸਹਾਇਤਾ ਮਿਲੇ ਤਾਂ ਨੌਜਵਾਨਾਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸ਼੍ਰੀ ਮੰਡਾਵੀਆ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆਂ ਅਤੇ ਖੇਡਾਂ ਦੇ ਵਿਕਾਸ ਲਈ ਸਕਾਰਾਤਮਕ ਰਵੱਈਆ ਵਿਖਾਉਂਦਿਆਂ ਕਿਹਾ ਕਿ ਖੇਡਾਂ ਨਾਲ ਨੌਜਵਾਨਾਂ ਦਾ ਭਵਿੱਖ ਮਜ਼ਬੂਤ ਹੁੰਦਾ ਹੈ | ਇਸ ਸਮੇਂ ਕੇਂਦਰੀ ਮੰਤਰੀ ਸ਼੍ਰੀ ਮਨਸੁੱਖ ਮੰਡਾਵੀਆ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ | ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਭਾਜਪਾ ਆਗੂ ਹਰਮਨਦੇਵ ਸਿੰਘ ਬਾਜਵਾ ਵੀ ਮੌਜੂਦ ਸਨ |