ਸੰਗਰੂਰ, 6 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਆਪਣੇ ਵਾਰਡ ਅਤੇ ਸ਼ਹਿਰ ਦੀ ਸਮੱਸਿਆਵਾਂ ਨੂੰ ਵਿਲੱਖਣ ਢੰਗ ਨਾਲ ਉਠਾਉਂਦੇ ਆ ਰਹੇ ਕੌਂਸਲਰ ਅਤੇ ਸਮਾਜ ਸੇਵੀ ਅਵਤਾਰ ਸਿੰਘ ਤਾਰਾ ਅੱਜ ਫਿਰ ਨਵੇਂ ਅੰਦਾਜ਼ ਵਿਚ ਸਮੱਸਿਆਵਾਂ ਉਠਾਉਂਦੇ ਨਜ਼ਰ ਆਏ | ਅਵਤਾਰ ਸਿੰਘ ਤਾਰਾ ਜੋ ਸ਼ਹਿਰ ਦੇ ਸਲੱਮ ਏਰੀਏ ਨਾਲ ਸਬੰਧਿਤ ਵਾਰਡ ਨੰ. 22 ਦੀ ਪ੍ਰਤੀਨਿਧਤਾ ਕਰਦੇ ਹਨ, ਆਪਣੀ ਮੰਗਾਂ-ਸ਼ਿਕਾਇਤਾਂ ਨੂੰ ਆਪਣੇ ਕੱਪੜਿਆਂ ਨਾਲ ਲਟਕਾ ਕੇ ਡੰਡੌਤ (ਧਰਤੀ ਉੱਤੇ ਲੇਟ ਕੇ) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੁੱਜੇ | ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਤੋਂ ਡੀ.ਸੀ. ਦਫ਼ਤਰ ਤੱਕ ਪੁੱਜੇ ਅਵਤਾਰ ਸਿੰਘ ਤਾਰਾ ਨੂੰ ਪਹਿਲ ਦੇ ਆਧਾਰ ਉੱਪਰ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਨੇ ਅੰਦਰ ਬੁਲਾਇਆ ਅਤੇ ਉਨ੍ਹਾਂ ਦੀ ਸਮੱਸਿਆਵਾਂ ਬਾਬਤ ਚਰਚਾ ਕੀਤੀ | ਅਵਤਾਰ ਸਿੰਘ ਤਾਰਾ ਨੇ ਕਿਹਾ ਕਿ ਉਹ ਪਹਿਲਾਂ ਵੀ ਸ਼ਹਿਰ ਅਤੇ ਵਾਰਡ ਦੇ ਵਿਕਾਸ ਕਾਰਜ ਨਾ ਹੋਣ ਕਾਰਨ ਉੱਚੇ ਅਧਿਕਾਰੀ ਈ.ਓ. ਦੀ ਕੋਈ ਜਵਾਬਤਲਬੀ ਕਰਨ ਦੀ ਬਜਾਇ ਉਸ ਦੀ ਸ਼ਿਕਾਇਤ ਵਾਪਸ ਨਗਰ ਕੌਂਸਲ ਨੂੰ ਹੀ ਭੇਜ ਦਿੰਦੇ ਹਨ | ਉਨ੍ਹਾਂ ਕਿਹਾ ਕਿ ਡੀ.ਸੀ. ਕੋਲ ਅੱਜ ਉਹ ਡੰਡੌਤ ਕਰ ਕੇ ਇਸ ਲਈ ਗਏ ਹਨ ਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਵਿਚੋਂ ਜਾਗੇ | ਉਨ੍ਹਾਂ ਕਿਹਾ ਕਿ ਸੰਗਰੂਰ ਜੋ ਕਿਸੇ ਵੇਲੇ ਰਿਆਸਤੀ ਸ਼ਹਿਰ ਮੰਨਿਆ ਜਾਂਦਾ ਸੀ ਅਤੇ ਆਪਣੇ ਸੁਹੱਪਣ ਕਾਰਨ ਵਿਸ਼ਵ ਪ੍ਰਸਿੱਧ ਸੀ, ਅੱਜ ਕੂੜੇ ਦੇ ਢੇਰਾਂ, ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਰੈਣ ਬਸੇਰਾ ਬਣਿਆ ਹੋਇਆ ਹੈ | ਆਵਾਰਾ ਪਸੂ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਅਤੇ ਆਵਾਰਾ ਕੁੱਤੇ ਬੱਚਿਆ, ਮਹਿਲਾਵਾਂ ਦੀ ਜਾਨ ਦੇ ਦੁਸ਼ਮਣ ਬਣ ਹੋਏ ਹਨ | ਜਦ ਕਿ ਕੂੜੇ ਦੇ ਢੇਰ ਬਿਮਾਰੀਆਂ ਨੂੰ ਆਪ ਮੁਹਾਰੇ ਸੱਦਾ ਦੇ ਰਹੇ ਹਨ | ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਤਾਰਾ ਦੀ ਗੱਲ ਸੁਣਦਿਆਂ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਆਵਾਰਾ ਪਸੂ ਸੰਭਾਲਣ ਬਾਰੇ ਗੱਲ ਕੀਤੀ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਕੌਂਸਲਰ ਦੇ ਉਠਾਏ ਮੁੱਦਿਆਂ ਉੱਤੇ ਸੰਜੀਦਗੀ ਨਾਲ ਪਹਿਰਾ ਦਿੰਦਿਆਂ ਸਫ਼ਾਈ ਆਦਿ ਦੇ ਕੰਮਾਂ ਦਾ ਨਿਪਟਾਰਾ ਪਹਿਲ ਦੇ ਆਧਾਰ ਉੱਤੇ ਕਰਨ |