ਮਲੇਰਕੋਟਲਾ, 6 ਫਰਵਰੀ (ਅਜੀਤ ਬਿਉਰੋ)- ਸਿੱਖ ਗੁਰਧਾਮਾਂ ਅੰਦਰ ਪੰਥਕ ਪਰੰਪਰਾਵਾਂ ਦੀ ਬਹਾਲੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਲੋੜ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਥਕ ਅਕਾਲੀ ਲਹਿਰ ਹਲਕਾ ਪਾਇਲ ਦੇ ਇੰਚਾਰਜ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਨੂੰ ਲੈ ਕੇ ਪੰਥਕ ਖੇਤਰ ਨਾਲ ਸੰਬੰਧਿਤ ਆਗੂਆਂ ਤੇ ਵਰਕਰਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਿੱਖ ਗੁਰਧਾਮਾ ਅੰਦਰ ਪੰਥਕ ਪਰੰਪਰਾਵਾਂ ਪੂਰੀ ਤਰ੍ਹਾਂ ਸਹੀ ਢੰਗ ਨਾਲ ਲਾਗੂ ਨਾ ਹੋਣ ਕਾਰਨ ਕੌਮੀ ਨੁਕਸਾਨ ਹੋ ਰਿਹਾ ਹੈ, ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖ ਹਿੱਤਾਂ ਸੰਬੰਧੀ ਅਹਿਮ ਫੈਸਲਾ ਲੈਂਦਿਆਂ ਤੁਰੰਤ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਏ | ਜਥੇਦਾਰ ਸਰੌਦ ਨੇ ਆਖਿਆ ਕਿ ਅੱਜ ਮੌਜੂਦਾ ਸਮੇਂ ਪੰਥਕ ਸਖ਼ਤੀ ਵੱਖ-ਵੱਖ ਧੜਿ੍ਹਆਂ ਵਿਚ ਵੰਡੀ ਹੋਣ ਕਾਰਨ ਪਹਿਲਾਂ ਹੀ ਪੰਥ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਪ੍ਰੰਤੂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਹੋ ਰਹੀ ਦੇਰੀ ਦੇ ਚਲਦਿਆਂ ਕੌਮੀ ਹਿਤਾਂ ਨੂੰ ਪਿਆਰ ਕਰਨ ਵਾਲੇ ਲੋਕ ਮਾਯੂਸ ਹਨ | ਉਨ੍ਹਾਂ ਆਖਿਆ ਕਿ ਅੱਜ ਸੂਬੇ ਦਾ ਨੌਜਵਾਨ ਵੀ ਚਾਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਹੋਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਪਰਿਵਾਰ ਦੀ ਅਜਾਰੇਦਾਰੀ ਨੂੰ ਖ਼ਤਮ ਕਰ ਕੇ ਪੰਥਕ ਹਿਤਾਂ ਦੀ ਪਹਿਰੇਦਾਰੀ ਕਰਨ ਵਾਲੀਆਂ ਸ਼ਖ਼ਸੀਅਤਾਂ ਅੱਗੇ ਆਉਣ | ਇਸ ਮੌਕੇ ਪ੍ਰਧਾਨ ਰਣਬੀਰ ਸਿੰਘ ਰੋੜੀਆਂ, ਨਰੇਸ਼ ਸਿੰਘ ਮਲੌਦ, ਸਰਪੰਚ ਕੁਲਦੀਪ ਸਿੰਘ ਬਰਮਾਲੀਪੁਰ, ਜਸਵੰਤ ਸਿੰਘ ਬੇਰ ਕਲਾਂ, ਕੌਂਸਲਰ ਸੰਦੀਲਾ ਸਣੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |