ਛਾਜਲੀ, 21 ਫਰਵਰੀ (ਅਜਾਇਬ ਸਿੰਘ ਨੀਲੋਵਾਲ) - ਲਹਿਰਾ-ਸੁਨਾਮ ਮੁੱਖ ਸੜਕ 'ਤੇ ਬੀਤੀ ਰਾਤ ਕਰੀਬ 2 ਵਜੇ ਪਿੰਡ ਛਾਜਲੇ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 28 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ | ਹਾਦਸਾ ਸਵਿਫਟ ਕਾਰ ਅਤੇ ਇੱਕ ਨਿੱਜੀ ਸਕੂਲ ਦੀ ਵੈਨ ਦਰਮਿਆਨ ਜਬਰਦਸਤ ਟੱਕਰ ਕਾਰਨ ਵਾਪਰਿਆ | ਮਿਲੀ ਜਾਣਕਾਰੀ ਅਨੁਸਾਰ ਪਿੰਡ ਖਡਿਆਲ ਕੋਠੇ ਦਾ ਨਿਵਾਸੀ ਅੰਮਿ੍ਤਪਾਲ ਸਿੰਘ ਉਰਫ਼ ਲਾਡੀ ਰਾਤ ਕਰੀਬ ਇੱਕ ਵਜੇ ਲਹਿਰੇ ਪਾਸੋਂ ਸੁਨਾਮ ਵੱਲ ਆਪਣੀ ਸਵਿਫਟ ਕਾਰ ਰਾਹੀਂ ਆ ਰਿਹਾ ਸੀ | ਦੱਸਿਆ ਜਾਂਦਾ ਹੈ ਕਿ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਸਮਾਰੋਹ ਤੋਂ ਘਰ ਵਾਪਸ ਆ ਰਿਹਾ ਸੀ | ਜਦੋਂ ਉਹ ਪਿੰਡ ਛਾਜਲੇ ਨੇੜੇ ਫੌਜੀ ਦੇ ਪੈਲਸ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਲਹਿਰਾਗਾਗਾ ਦੇ ਇੱਕ ਨਿੱਜੀ ਸਕੂਲ ਦੀ ਵੈਨ ਨਾਲ ਉਸ ਦੀ ਟੱਕਰ ਹੋ ਗਈ | ਟੱਕਰ ਇੰਨੀ ਜ਼ਬਰਦਸਤ ਸੀ ਕਿ ਸਵਿਫਟ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਚਾਲਕ ਅੰਮਿ੍ਤਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਕਾਰ ਵਿਚ ਉਸ ਦੇ ਨਾਲ ਸਵਾਰ ਨੌਜਵਾਨ ਹਰਪ੍ਰੀਤ ਸਿੰਘ ਵੀ ਗੰਭੀਰ ਜ਼ਖ਼ਮੀ ਹੋ ਗਿਆ | ਉਸ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਚਸ਼ਮਦੀਦਾਂ ਦੇ ਮੁਤਾਬਕ ਪਹਿਲਾਂ ਵਾਹਨਾਂ ਵਿਚ ਹਲਕੀ ਟੱਕਰ ਹੋਈ, ਜਿਸ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਟਾਇਰ ਫਟਣ ਕਾਰਨ ਕਾਰ ਬੇਕਾਬੂ ਹੋ ਕੇ ਸਕੂਲੀ ਵੈਨ ਨਾਲ ਟਕਰਾ ਗਈ | ਥਾਣਾ ਛਾਜਲੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਪਿੰਡ ਵਾਸੀਆਂ ਮੁਤਾਬਕ ਮਿ੍ਤਕ ਅੰਮਿ੍ਤਪਾਲ ਸਿੰਘ ਗ਼ਰੀਬ ਪਰਿਵਾਰ ਨਾਲ ਸੰਬੰਧਿਤ ਸੀ ਅਤੇ ਡਰਾਈਵਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ | ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਬੀਮਾ ਕੰਪਨੀ ਕੋਲੋਂ ਪੀੜਤ ਪਰਿਵਾਰ ਨੂੰ ਯੋਗ ਆਰਥਿਕ ਮਦਦ ਦੇਣ ਦੀ ਮੰਗ ਕੀਤੀ ਹੈ | ਇਸ ਦਰਦਨਾਕ ਹਾਦਸੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ |