ਮਲੇਰਕੋਟਲਾ, 24 ਫ਼ਰਵਰੀ (ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਵਿਖੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਅਟਲ ਕੁਮਾਰ ਦਾ ਅੱਜ ਸਵੇਰੇ ਅਚਾਨਕ ਦੇਹਾਂਤ ਹੋ ਗਿਆ, ਉਹ 80 ਵਰਿ੍ਹਆਂ ਦੇ ਸਨ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੇ ਭਤੀਜੇ ਮਨੋਜ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਡਾਕਟਰ ਅਟਲ ਕੁਮਾਰ ਦੀ ਸਿਹਤ ਨਾਸਾਜ਼ ਚੱਲ ਰਹੀ ਸੀ ਜਿਸ ਦੇ ਚਲਦਿਆਂ ਅੱਜ ਉਨ੍ਹਾਂ ਦਾ ਅਚਾਨਕ ਦੇਹਾਂਤ ਹੋ ਗਿਆ | ਬਾਅਦ ਦੁਪਹਿਰ ਮਲੇਰਕੋਟਲਾ ਵਿਖੇ ਸੈਂਕੜੇ ਸਨੇਹੀਆਂ ਵਲੋਂ ਸੇਜ਼ਲ ਅੱਖਾਂ ਨਾਲ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ | ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਵਜੋਂ ਜਾਣੇ ਜਾਂਦੇ ਅਟਲ ਕੁਮਾਰ ਦਾ ਪਿਛੋਕੜ ਪਾਕਿਸਤਾਨ ਦੇ ਸਿੰਧ ਸੂਬੇ ਨਾਲ ਸੰਬੰਧਿਤ ਸੀ ਤੇ ਉਹ ਕਰੀਬ 50 ਵਰਿ੍ਹਆਂ ਤੋਂ ਮਲੇਰਕੋਟਲਾ ਵਿਖੇ ਆਪਣੀਆਂ ਆਪਣੀਆਂ ਸੇਵਾਵਾਂ ਦੇ ਰਹੇ ਸਨ | ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ 'ਚ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ, ਜਥੇਦਾਰ ਗੁਰਜੀਵਨ ਸਿੰਘ ਸਰੌਦ, ਬੀਬਾ ਜ਼ਾਹਿਦਾ ਸੁਲੇਮਾਨ, ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਖਟੜਾ, ਗਿਆਨੀ ਅਮਰ ਸਿੰਘ ਐਮ.ਡੀ. ਦਸਮੇਸ਼ ਕੰਬਾਈਨ, ਚੇਅਰਮੈਨ ਇੰਦਰਜੀਤ ਸਿੰਘ ਮੁੰਡੇ ਕੇ.ਐਸ. ਗਰੁੱਪ, ਪ੍ਰਧਾਨ ਦਲਬਾਰਾ ਸਿੰਘ ਚਹਿਲ, ਜਥੇਦਾਰ ਹਰਬੰਸ ਸਿੰਘ ਚੌਂਦਾ, ਸਰਪੰਚ ਗੁਰਮੁੱਖ ਸਿੰਘ ਖਾਨਪੁਰ, ਸੀਨੀਅਰ ਆਗੂ ਸਤਿੰਦਰ ਸਿੰਘ ਸੇਹਕੇ, ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਸਾਬਕਾ ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ, ਡਾਕਟਰ ਪਰਮਜੀਤ ਸਿੰਘ ਗੁਆਰਾ, ਜਥੇਦਾਰ ਗੁਰਦੇਵ ਸਿੰਘ ਸੰਗਾਲਾ ਸ਼ਾਮਲ ਹਨ |